IMF ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਵੀ ਭਾਰਤ ਦਾ ਵਿਕਾਸ ਅੰਦਾਜ਼ਾ ਵਧਾਇਆ

01/22/2019 11:23:59 PM

ਨਵੀਂ ਦਿੱਲੀ -ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਵੀ ਭਾਰਤ ਦਾ ਵਿਕਾਸ ਅੰਦਾਜ਼ਾ ਵਧਾ ਦਿੱਤਾ ਹੈ। ਉਸ ਨੇ ਚਾਲੂ ਵਿੱਤੀ ਸਾਲ ਲਈ ਵਿਕਾਸ ਅੰਦਾਜ਼ਾ 0.2 ਫ਼ੀਸਦੀ ਵਧਾ ਕੇ 7.4 ਫ਼ੀਸਦੀ ਅਤੇ ਅਗਲੇ ਵਿੱਤੀ ਸਾਲ ਲਈ 7.4 ਫ਼ੀਸਦੀ ਤੋਂ ਵਧਾ ਕੇ 7.6 ਫ਼ੀਸਦੀ ਕਰ ਦਿੱਤਾ ਹੈ। ਹਾਲਾਂਕਿ ਉਸਨੇ ਰਸਮੀ ਖੇਤਰ ਵਿਚ ਰੋਜ਼ਗਾਰ ਦੀ ਸਥਿਤੀ ’ਤੇ ਚਿੰਤਾ ਪ੍ਰਗਟਾਈ ਹੈ।

ਇਸ ਸਾਲ ਹੁਣ ਤੱਕ 3 ਪ੍ਰਮੁੱਖ ਕੌਮਾਂਤਰੀ ਸੰਗਠਨਾਂ ਵਿਸ਼ਵ ਬੈਂਕ, ਆਈ. ਐੱਮ. ਐੱਫ. ਅਤੇ ਸੰਯੁਕਤ ਰਾਸ਼ਟਰ ਨੇ ਕੌਮਾਂਤਰੀ ਵਿਕਾਸ ’ਤੇ ਆਪਣੀ ਰਿਪੋਰਟ ਜਾਰੀ ਕੀਤੀ ਹੈ। ਤਿੰਨਾਂ ਨੇ ਭਾਰਤ ਨੂੰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਬਣੇ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਹੈ। ਹਾਲਾਂਕਿ ਤਿੰਨਾਂ ਦੇ ਅੰਦਾਜ਼ੇ ਵੱਖ-ਵੱਖ ਹਨ। ਵਿਸ਼ਵ ਬੈਂਕ ਅਤੇ ਆਈ. ਐੱਮ. ਐੱਫ. ਨੇ ਚਾਲੂ ਵਿੱਤੀ ਸਾਲ ਵਿਚ ਵਿਕਾਸ ਦਰ 7.3 ਫ਼ੀਸਦੀ ਰਹਿਣ ਦੀ ਗੱਲ ਕਹੀ ਹੈ, ਜਦੋਂ ਕਿ ਸੰਯੁਕਤ ਰਾਸ਼ਟਰ ਨੇ ਇਸ ਦੇ 7.4 ਫ਼ੀਸਦੀ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਹੈ।

ਰੋਜ਼ਗਾਰ ਦੇ ਮੋਰਚੇ ’ਤੇ ਭਾਰਤ ਦੀ ਸਥਿਤੀ ’ਤੇ ਚਿੰਤਾ ਜ਼ਾਹਿਰ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਨੇ ਕਿਹਾ, ‘‘ਰਸਮੀ ਖੇਤਰ ਵਿਚ ਰੋਜ਼ਗਾਰ ਸਿਰਜਣ ਦੀ ਰਫਤਾਰ ਘੱਟ ਰਹੀ ਹੈ। ਇਸ ਨਾਲ ਵੱਡੀ ਗਿਣਤੀ ਵਿਚ ਕਾਮੇ ਜਾਂ ਤਾਂ ਅੰਸ਼ਿਕ ਬੇਰੋਜ਼ਗਾਰੀ ਦਾ ਸ਼ਿਕਾਰ ਹਨ ਜਾਂ ਬੇਹੱਦ ਘੱਟ ਤਨਖਾਹ ’ਤੇ ਕੰਮ ਕਰਨ ਲਈ ਮਜਬੂਰ ਹਨ। ਖਾਸ ਕਰ ਕੇ ਨੌਜਵਾਨਾਂ ਲਈ ਹਾਲਾਤ ਕਾਫ਼ੀ ਚਿੰਤਾਜਨਕ ਹੈ। ਚੰਗੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰਸਮੀ ਖੇਤਰ ਵਿਚ ਰੋਜ਼ਗਾਰ ਲੱਭਣ ਵਿਚ ਪ੍ਰੇਸ਼ਾਨੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਅਖੀਰ ਵਿਚ ਗ਼ੈਰ-ਰਸਮੀ ਖੇਤਰ ’ਚ ਘੱਟ ਤਨਖਾਹ ਵਾਲੀ ਨੌਕਰੀ ਕਰਨੀ ਪੈਂਦੀ ਹੈ।’’