ਦੂਜੀ ਤਿਮਾਹੀ ’ਚ 6.3 ਫੀਸਦੀ ਰਹੀ ਵਿਕਾਸ ਦਰ, ਸਰਕਾਰ ਨੇ ਜਾਰੀ ਕੀਤੇ ਅੰਕੜੇ

12/01/2022 11:13:08 AM

ਨਵੀਂ ਦਿੱਲੀ–ਸਰਕਾਰ ਨੇ ਚਾਲੂ ਵਿੱਤੀ ਸਾਲ ਦੇ ਦੂਜੀ ਤਿਮਾਹੀ ਦੇ ਵਿਕਾਸ ਦੇ ਅੰਕੜੇ ਜਾਰੀ ਕਰ ਦਿੱਤੇ ਹਨ। ਜੁਲਾਈ-ਸਤੰਬਰ ਤਿਮਾਹੀ ’ਚ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ 6.3 ਫੀਸਦੀ ਰਹੀ ਹੈ। ਨੈਸ਼ਨਲ ਸਟੈਟਿਕਸ ਆਫਿਸ ਵਲੋਂ ਜਾਰੀ ਅੰਕੜਿਆਂ ਮੁਤਾਬਕ ਦੂਜੀ ਤਿਮਾਹੀ ’ਚ ਵਿਕਾਸ ਦਰ ਦੇ ਅੰਕੜੇ ਪਹਿਲੀ ਤਿਮਾਹੀ ਤੋਂ ਘੱਟ ਹਨ ਪਰ ਇਸ ਨੂੰ ਤਸੱਲੀਬਖਸ਼ ਮੰਨਿਆ ਜਾ ਰਿਹਾ ਹੈ। ਦੱਸ ਦਈਏ ਕਿ ਪਿਛਲੀ ਤਿਮਾਹੀ (ਅਪ੍ਰੈਲ-ਜੂਨ) ਵਿਚ ਵਿਕਾਸ ਦਰ 13.5 ਫੀਸਦੀ ਰਹੀ ਸੀ ਜਦ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ ਵਿਕਾਸ ਦਰ 8.4 ਫੀਸਦੀ ਰਹੀ ਸੀ।
ਜਾਰੀ ਵਿੱਤੀ ਸਾਲ (2022-23) ਦੀ ਸਮੀਖਿਆ ਅਧੀਨ ਤਿਮਾਹੀ ’ਚ ਗ੍ਰੋਥ ਰੇਟ ਲਈ ਕਰਵਾਏ ਗਏ ਪੋਲ ’ਚ ਅਰਥਸ਼ਾਸਤਰੀਆਂ ਨੇ ਇਸ ਦੇ 6.2 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਆਰ. ਬੀ. ਆਈ. ਨੇ ਬੀਤੀ ਤਿਮਾਹੀ ’ਚ ਜੀ. ਡੀ. ਪੀ. ਦੀ ਵਿਕਾਸ ਦਰ ਲਗਭਗ ਇੰਨੀ ਹੀ ਰਹਿਣ ਦਾ ਅਨੁਮਾਨ ਲਗਾਇਆ ਸੀ। ਜੀ. ਡੀ. ਪੀ. ਦੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਗਿਆ ਕਿ ਵਿੱਤੀ ਸਾਲ 2022-23 ਦੀ ਦੂਜੀ ਤਿਮਾਹੀ ’ਚ ਜੀ. ਡੀ. ਪੀ. 38.17 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ ਜੋ ਪਿਛਲੇ ਵਿੱਤੀ ਸਲ ਦੀ ਇਸੇ ਤਿਮਾਹੀ ’ਚ 35.73 ਲੱਖ ਕਰੋੜ ਰੁਪਏ ’ਤੇ ਰਹੀ ਸੀ। ਦੇਸ਼ ਦਾ ਜੀ. ਏ. ਵੀ. (ਗ੍ਰਾਸ ਵੈਲਿਊ ਐਡਿਡ) ਸਮੀਖਿਆ ਅਧੀਨ ਤਿਮਾਹੀ ’ਚ 5.6 ਫੀਸਦੀ ਰਿਹਾ ਜਦ ਕਿ ਅਪ੍ਰੈਲ-ਜੂਨ ਤਿਮਾਹੀ ’ਚ ਇਹ 12.7 ਫੀਸਦੀ ਸੀ। ਉੱਥੇ ਹੀ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਇਹ 8.3 ਫੀਸਦੀ ਰਿਹਾ ਸੀ।
ਨਿਰਮਾਣ ਖੇਤਰ ਦੀ ਵਿਕਾਸ ਦਰ ਨਾਂਹਪੱਖੀ
ਵਿੱਤੀ ਸਾਲ 2022-23 ਦੀ ਦੂਜੀ ਤਿਮਾਹੀ ’ਚ ਨਿਰਮਾਣ ਖੇਤਰ ਦੀ ਵਿਕਾਸ ਦਰ ਮਾਈਨਸ ’ਚ ਚਲੀ ਗਈ ਹੈ। ਜੁਲਾਈ-ਸਤੰਬਰ ਤਿਮਾਹੀ ’ਚ ਇਹ -4.3 ਫੀਸਦੀ ਰਹੀ ਹੈ ਜਦ ਕਿ ਬੀਤੇ ਸਾਲ ਦੀ ਇਸੇ ਤਿਮਾਹੀ ’ਚ 5.6 ਫੀਸਦੀ ਰਹੀ ਸੀ। ਖੇਤੀਬਾੜੀ ਖੇਤਰ ਦੀ ਵਿਕਾਸ ਦਰ 4.6 ਫੀਸਦੀ ਰਹੀ ਹੈ ਜਦ ਕਿ 2021-22 ਦੀ ਦੂਜੀ ਤਿਮਾਹੀ ’ਚ 3.2 ਫੀਸਦੀ ਰਹੀ ਸੀ। ਕੰਸਟ੍ਰਕਸ਼ਨ ਖੇਤਰ ਦੀ ਵਿਕਾਸ ਦਰ 4.6 ਫੀਸਦੀ ਰਹੀ ਹੈ ਜਦ ਕਿ 2021-22 ਦੀ ਦੂਜੀ ਤਿਮਾਹੀ ’ਚ 8.1 ਫੀਸਦੀ ਰਹੀ ਸੀ।
ਵਿੱਤੀ ਘਾਟਾ ਬਜਟ ਅਨੁਮਾਨ ਦੇ 45.6 ਫੀਸਦੀ ’ਤੇ
ਸਰਕਾਰ ਦਾ ਵਿੱਤੀ ਘਾਟਾ ਅਕਤੂਬਰ ’ਚ ਪੂਰੇ ਸਾਲ ਦੇ ਬਜਟ ਅਨੁਮਾਨ ਦੇ 45.6 ਫੀਸਦੀ ’ਤੇ ਪਹੁੰਚ ਗਿਆ ਹੈ। ਕੰਟਰੋਲਰ ਜਨਰਲ ਆਫ ਅਕਾਊਂਟਸ (ਸੀ. ਜੀ. ਏ.) ਵਲੋਂ ਜਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ। ਸਰਕਾਰ ਦੇ ਖਰਚ ਅਤੇ ਮਾਲੀਏ ਦਾ ਫਰਕ ਯਾਨੀ ਵਿੱਤੀ ਘਾਟਾ ਮੁੱਲ ਦੇ ਹਿਸਾਬ ਨਾਲ ਚਾਲੂ ਵਿੱਤੀ ਸਾਲ ਦੇ ਪਹਿਲੇ 7 ਮਹੀਨੇ ਅਪ੍ਰੈਲ-ਅਕਤੂਬਰ ਦੌਰਾਨ 7,58,137 ਕਰੋੜ ਰੁਪਏ ਰਿਹਾ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ ਵਿੱਤੀ ਘਾਟਾ 2021-22 ਦੇ ਬਜਟ ਅਨੁਮਾਨ ਦੇ 36.3 ਫੀਸਦੀ ’ਤੇ ਰਿਹਾ ਸੀ। ਪੂਰੇ ਵਿੱਤੀ ਸਾਲ 2022-23 ’ਚ ਸਰਕਾਰ ਨੇ ਵਿੱਤੀ ਘਾਟਾ 16.61 ਲੱਖ ਕਰੋੜ ਰੁਪਏ ਜਾਂ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ 6.4 ਫੀਸਦੀ ’ਤੇ ਰਹਿਣ ਦਾ ਅਨੁਮਾਨ ਲਗਾਇਆ ਹੈ।
ਬੁਨਿਆਦੀ ਉਦਯੋਗਾਂ ਦੀ ਵਾਧਾ ਦਰ ਸੁਸਤ ਪੈ ਕੇ 0.1 ਫੀਸਦੀ ’ਤੇ ਆਈ
ਨਵੀਂ ਦਿੱਲੀ, 30 ਨਵੰਬਰ (ਭਾਸ਼ਾ)–ਦੇਸ਼ ਦੇ ਅੱਠ ਪ੍ਰਮੁੱਖ ਬੁਨਿਆਦੀ ਉਦਯੋਗਾਂ ਦੀ ਵਾਧਾ ਦਰ ਅਕਤੂਬਰ ਮਹੀਨੇ ’ਚ ਸੁਸਤ ਪੈ ਕੇ 0.1 ਫੀਸਦੀ ਰਹੀ ਹੈ। ਅਧਿਕਾਰਕ ਅੰਕੜਿਆਂ ਮੁਤਾਬਕ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਬੁਨਿਆਦੀ ਉਦਯੋਗਾਂ ਦੀ ਵਾਧਾ ਦਰ 8.7 ਫੀਸਦੀ ਸੀ। ਉੱਥੇ ਹੀ ਪਿਛਲੇ ਮਹੀਨੇ ਸਤੰਬਰ ’ਚ ਬੁਨਿਆਦੀ ਉਦਯੋਗਾਂ ਦੀ ਵਾਧਾ ਦਰ 7.8 ਫੀਸਦੀ ਰਹੀ ਸੀ। ਅੱਠ ਬੁਨਿਆਦੀ ਉਦਯੋਗਾਂ (ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫਾਇਨਰੀ ਉਤਪਾਦਾਂ, ਖਾਦ, ਇਸਪਾਤ, ਸੀਮੈਂਟ ਅਤੇ ਬਿਜਲੀ) ਦੀ ਵਾਧਾ ਦਰ ਚਾਲੂ ਵਿੱਤੀ ਸਾਲ ’ਚ ਅਪ੍ਰੈਲ-ਅਕਤੂਬਰ ਦੌਰਾਨ 8.2 ਫੀਸਦੀ ਰਹੀ ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 15.6 ਫੀਸਦੀ ਸੀ। ਅੰਕੜਿਆਂ ਮੁਤਾਬਕ ਅਕਤੂਬਰ ਮਹੀਨੇ ’ਚ ਕੱਚੇ ਤੇਲ, ਕੁਦਰਤੀ ਗੈਸ, ਰਿਫਾਇਨਰੀ ਉਤਪਾਦ ਅਤੇ ਸੀਮੈਂਟ ਖੇਤਰ ਦੇ ਉਤਪਾਦਨ ’ਚ ਗਿਰਾਵਟ ਆਈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

Aarti dhillon

This news is Content Editor Aarti dhillon