ਕੈਬਨਿਟ ਮੀਟਿੰਗ 'ਚ ਸਰਕਾਰ ਨੇ ਲਏ ਅਹਿਮ ਫ਼ੈਸਲੇ, ਇਥੇਨਾਲ ਤੇ ਜੂਟ ਪੈਕੇਜਿੰਗ ਸਬੰਧੀ ਕੀਤਾ ਐਲਾਨ

10/29/2020 6:02:31 PM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਕੈਬਨਿਟ ਅਤੇ ਸੀ.ਸੀ.ਈ.ਏ. (Cabinet Committee on Economic Affairs Meeting) ਦੀ ਬੈਠਕ ਵਿਚ ਪੈਟਰੋਲੀਅਮ ਮੰਤਰਾਲੇ ਦੇ ਪ੍ਰਸਤਾਵ ਨੂੰ ਸਵੀਕਾਰਦਿਆਂ ਇਥੇਨਾਲ ਦੀਆਂ ਕੀਮਤਾਂ ਨੂੰ ਵਧਾਉਣ ਦਾ ਫੈਸਲਾ ਕੀਤਾ ਗਿਆ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਈਥੇਨਾਲ ਦੀ ਕੀਮਤ ਵਿਚ 5 ਤੋਂ 8 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ। ਖੰਡ ਤੋਂ ਬਣਨ ਵਾਲੇ ਇਥੇਨਾਲ ਦੀ ਕੀਮਤ 62.65 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਬੀ ਹੈਵੀ ਦੀ ਕੀਮਤ 57.61 ਰੁਪਏ ਅਤੇ ਸੀ ਹੈਵੀ ਦੀ ਕੀਮਤ 45.69 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇਸ ਨਾਲ ਖੰਡ ਮਿੱਲਾਂ ਦੇ ਹੱਥਾਂ ਵਿਚ ਵਧੇਰੇ ਪੈਸਾ ਆਵੇਗਾ ਅਤੇ ਉਹ ਕਿਸਾਨਾਂ ਦਾ ਬਕਾਇਆ ਅਦਾ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪੈਟਰੋਲ ਵਿਚ 10 ਪ੍ਰਤੀਸ਼ਤ ਈਥੇਨਾਲ ਮਿਲਾਇਆ ਜਾਂਦਾ ਹੈ।

ਜੂਟ ਪੈਕਜਿੰਗ ਬਾਰੇ ਵੱਡਾ ਐਲਾਨ

ਕੇਂਦਰੀ ਕੈਬਨਿਟ ਨੇ ਵੀਰਵਾਰ ਨੂੰ ਕਿਹਾ ਕਿ ਜੂਟ ਬੈਗਾਂ ਦੀ ਮੰਗ ਨੂੰ ਉਤਸ਼ਾਹਤ ਕਰਨ ਲਈ ਜੂਟ ਬੈਗਾਂ ਵਿਚ ਅਨਾਜ ਪੈਕ ਕੀਤਾ ਜਾਵੇਗਾ। ਹੁਣ ਅਨਾਜ ਦੀ 100 ਪ੍ਰਤੀਸ਼ਤ ਪੈਕਿੰਗ ਜੂਟ ਬੈਗਾਂ ਵਿਚ ਪੈਕ ਕੀਤੀ ਜਾਵੇਗੀ ਅਤੇ 20 ਪ੍ਰਤੀਸ਼ਤ ਖੰਡ ਦੀ ਪੈਕਿੰਗ ਜੂਟ ਬੈਗ ਵਿਚ ਕੀਤੀ ਜਾਵੇਗੀ। ਕਮੇਟੀ ਇਹ ਤੈਅ ਕਰੇਗੀ ਕਿ ਜੂਟ ਬੈਗਾਂ ਦੀ ਕੀਮਤ ਆਮ ਲੋਕਾਂ ਲਈ ਕੀ ਹੋਵੇਗੀ।

ਆਮ ਆਦਮੀ ਤੇ ਕਿਸਾਨੀ ਨੂੰ ਲਾਭ ਪਹੁੰਚਾਏਗਾ 

ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਅਨਾਜ ਵਿਚ 100 ਪ੍ਰਤੀਸ਼ਤ ਅਤੇ ਖੰਡ ਲਈ 20 ਪ੍ਰਤੀਸ਼ਤ ਜੂਟ ਪੈਕਿੰਗ ਨੂੰ ਲਾਜ਼ਮੀ ਕਰ ਦਿੱਤਾ ਹੈ। ਇਸ ਨਾਲ ਜੂਟ ਦੀ ਮੰਗ ਵਧੇਗੀ ਅਤੇ ਜੂਟ ਦੀ ਕਾਸ਼ਤ ਨੂੰ ਉਤਸ਼ਾਹ ਮਿਲੇਗਾ। ਇਸ ਨਾਲ ਪੱਛਮੀ ਬੰਗਾਲ, ਓਡੀਸ਼ਾ, ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਆਂਧਰਾ ਪ੍ਰਦੇਸ਼ ਦੇ ਕਿਸਾਨਾਂ ਨੂੰ ਲਾਭ ਹੋਵੇਗਾ।

ਮੰਤਰੀ ਮੰਡਲ ਦੀ ਬੈਠਕ ਵਿਚ ਡੈਮਾਂ ਦੀ ਸੁਰੱਖਿਆ ਅਤੇ ਰੱਖ ਰਖਾਅ ਲਈ ਇੱਕ ਨਵੀਂ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਪ੍ਰਾਜੈਕਟ ਦੋ ਪੜਾਵਾਂ ਵਿਚ ਪੂਰਾ ਹੋਵੇਗਾ, ਜਿਸ 'ਤੇ ਦਸ ਹਜ਼ਾਰ ਕਰੋੜ ਰੁਪਏ ਖਰਚ ਆਉਣਗੇ। ਇਸ ਯੋਜਨਾ ਤਹਿਤ ਮੌਜੂਦਾ ਡੈਮ ਨਵੀਂ ਤਕਨੀਕ ਦੇ ਅਧਾਰ 'ਤੇ ਬਣਨਗੇ, ਜੋ ਡੈਮ ਕਾਫ਼ੀ ਪੁਰਾਣੇ ਹੋ ਚੁੱਕੇ ਹਨ, ਉਨ੍ਹਾਂ ਵਿਚ ਸੁਧਾਰ ਕੀਤਾ ਜਾਵੇਗਾ ਅਤੇ ਹੋਰ ਕੰਮ ਮੁਕੰਮਲ ਕੀਤੇ ਜਾਣਗੇ।

ਡੈਮ ਬਾਰੇ ਵੱਡਾ ਫੈਸਲਾ- ਕੇਂਦਰੀ ਕੈਬਨਿਟ ਨੇ ਦੇਸ਼ ਭਰ ਦੇ ਚੁਣੇ ਗਏ 736 ਡੈਮਾਂ ਦੀ ਸੁਰੱਖਿਆ ਅਤੇ ਸੰਚਾਲਨ ਦੀ ਕਾਰਗੁਜ਼ਾਰੀ ਵਿਚ ਸੁਧਾਰ ਲਿਆਉਣ ਲਈ ਬਾਹਰੀ ਸਹਾਇਤਾ ਪ੍ਰਾਪਤ 'ਡੈਮ ਪੁਨਰਵਾਸ ਅਤੇ ਸੁਧਾਰ ਪ੍ਰਾਜੈਕਟ' ਦੇ ਦੂਜੇ ਅਤੇ ਤੀਜੇ ਪੜਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰਾਜੈਕਟ 'ਤੇ ਕੁਲ 10,211 ਕਰੋੜ ਰੁਪਏ ਖਰਚ ਕੀਤੇ ਜਾਣਗੇ। ਪ੍ਰਾਜੈਕਟ ਅਪ੍ਰੈਲ 2021 ਤੋਂ ਮਾਰਚ 2031 ਤੱਕ ਲਾਗੂ ਕੀਤਾ ਜਾਵੇਗਾ।

ਅਗਲੇ ਸੀਜ਼ਨ ਵਿਚ ਜੂਟ ਉਤਪਾਦਨ ਵਧਣ ਦਾ ਅਨੁਮਾਨ

ਅਗਲੇ ਸੀਜ਼ਨ (ਦਸੰਬਰ 2020-ਨਵੰਬਰ 2021) ਤੱਕ ਈਥੇਨਾਲ ਦਾ ਉਤਪਾਦਨ ਦੁਗਣਾ ਹੋਣ ਦੀ ਉਮੀਦ ਹੈ। ਉਤਪਾਦਨ ਵਿਚ ਵਾਧੇ ਨਾਲ ਸਰਕਾਰ ਪੈਟਰੋਲ ਵਿਚ 8 ਪ੍ਰਤੀਸ਼ਤ ਈਥੇਨਾਲ ਜੋੜਨ ਦੇ ਟੀਚੇ ਨੂੰ ਪੂਰਾ ਕਰ ਸਕੇਗੀ। ਸੂਤਰਾਂ ਅਨੁਸਾਰ ਨੈਸ਼ਨਲ ਬਾਇਓਫਿਊਲ ਪਾਲਿਸੀ ਤਹਿਤ 2022 ਤਕ 10 ਪ੍ਰਤੀਸ਼ਤ ਈਥੇਨਾਲ ਬਲੈਂਡਿੰਗ ਅਤੇ 2030 ਤਕ 20 ਪ੍ਰਤੀਸ਼ਤ ਬਣਾਉਣ ਦਾ ਟੀਚਾ ਹੈ।ਜ਼ਿਕਰਯੋਗ ਹੈ ਕਿ ਇਥੇਨਾਲ ਨੂੰ ਘਰੇਲੂ ਤੌਰ 'ਤੇ ਵੀ ਬਣਾਇਆ ਜਾ ਸਕਦਾ ਹੈ।

Harinder Kaur

This news is Content Editor Harinder Kaur