ਆਮ ਜਨਤਾ ਨੂੰ ਮਿਲੇਗੀ ਵੱਡੀ ਰਾਹਤ ਇਨ੍ਹਾਂ ਚੀਜ਼ਾਂ ਦੇ ਘਟਣਗੇ ਮੁੱਲ!

05/26/2017 11:08:01 AM

ਨਵੀਂ ਦਿੱਲੀ— ਜੀ. ਐੱਸ. ਟੀ. ਯਾਨੀ ਵਸਤੂ ਅਤੇ ਸੇਵਾ ਟੈਕਸ ਲਾਗੂ ਹੋਣ ਤੋਂ ਬਾਅਦ ਖੰਡ, ਚਾਹ, ਕੌਫੀ ਅਤੇ ਮਿਲਕ ਪਾਊਡਰ ਸਸਤੇ ਹੋ ਸਕਦੇ ਹਨ। ਇਨ੍ਹਾਂ ਦੀਆਂ ਕੀਮਤਾਂ 2 ਫੀਸਦੀ ਤੋਂ 3 ਫੀਸਦੀ ਤਕ ਘੱਟ ਸਕਦੀਆਂ ਹਨ। ਜਿਸ ਦਾ ਫਾਇਦਾ ਆਮ ਜਨਤਾ ਨੂੰ ਹੋਵੇਗਾ। ਰਸੋਈ ਦੇ ਖਰਚਿਆਂ 'ਚ ਇਨ੍ਹਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਵਿੱਤ ਮੰਤਰਾਲੇ ਵੱਲੋਂ ਇਸ ਬਾਰੇ ਵਿਸਥਾਰ 'ਚ ਦੱਸਿਆ ਗਿਆ ਹੈ ਕਿ ਇਨ੍ਹਾਂ 'ਚੋਂ ਕਿਸ ਚੀਜ਼ 'ਤੇ ਕੀ ਟੈਕਸ ਹੋਵੇਗਾ। ਆਓ ਜਾਣਦੇ ਹਾਂ ਜੀ. ਐੱਸ. ਟੀ. ਤੋਂ ਬਾਅਦ ਇਨ੍ਹਾਂ 'ਤੇ ਕੀ ਅਸਰ ਹੋਵੇਗਾ।
3 ਫੀਸਦੀ ਸਸਤੀ ਹੋ ਸਕਦੀ ਹੈ ਖੰਡ


ਮੌਜੂਦਾ ਸਮੇਂ ਪ੍ਰਤੀ ਕੁਇੰਟਲ ਖੰਡ 'ਤੇ ਕੇਂਦਰੀ ਐਕਸਾਈਜ਼ ਡਿਊਟੀ, ਸੈੱਸ, ਚੁੰਗੀ, ਕੇਂਦਰੀ ਵਿਕਰੀ ਟੈਕਸ ਅਤੇ ਐਂਟਰੀ ਟੈਕਸ ਵਗੈਰਾ ਲੱਗਦੇ ਹਨ। ਜਿਨ੍ਹਾਂ ਨੂੰ ਮਿਲਾ ਕੇ ਕੁੱਲ ਟੈਕਸ 8 ਫੀਸਦੀ ਤੋਂ ਜ਼ਿਆਦਾ ਦਾ ਬਣਦਾ ਹੈ। ਇਸ ਦੇ ਮੁਕਾਬਲੇ ਜੀ. ਐੱਸ. ਟੀ. 'ਚ ਖੰਡ 'ਤੇ ਸਿਰਫ 5 ਫੀਸਦੀ ਟੈਕਸ ਹੋਵੇਗਾ ਮਤਲਬ ਕਿ ਮੌਜੂਦਾ ਟੈਕਸ ਦੇ ਮੁਕਾਬਲੇ 3 ਫੀਸਦੀ ਘੱਟ। ਅਜਿਹੇ 'ਚ 1 ਜੁਲਾਈ ਤੋਂ ਬਾਅਦ ਖੰਡ ਦੀਆਂ ਕੀਮਤਾਂ 'ਚ ਕਟੌਤੀ ਹੋ ਸਕਦੀ ਹੈ।
ਚਾਹ/ਕੌਫੀ ਵੀ ਹੋਵੇਗੀ ਸਸਤੀ


ਚਾਹ ਅਤੇ ਕੌਫੀ 'ਤੇ ਕੇਂਦਰੀ ਐਕਸਾਈਜ਼ ਡਿਊਟੀ ਨਹੀਂ ਲੱਗਦੀ। ਜਦੋਂ ਕਿ 5 ਫੀਸਦੀ ਵੈਟ ਲੱਗਦਾ ਹੈ। ਉੱਥੇ ਹੀ ਕੇਂਦਰੀ ਵਿਕਰੀ ਟੈਕਸ, ਚੁੰਗੀ ਅਤੇ ਐਂਟਰੀ ਟੈਕਸ ਆਦਿ ਨੂੰ ਮਿਲਾ ਕੇ ਮੌਜੂਦਾ ਸਮੇਂ ਇਨ੍ਹਾਂ 'ਤੇ 7 ਫੀਸਦੀ ਤੋਂ ਵਧ ਟੈਕਸ ਲੱਗਦਾ ਹੈ। ਜੀ. ਐੱਸ. ਟੀ. 'ਚ ਚਾਹ ਅਤੇ ਕੌਫੀ ਨੂੰ 5 ਫੀਸਦੀ ਦਰ ਹੇਠ ਰੱਖਿਆ ਗਿਆ ਹੈ। ਯਾਨੀ ਕਿ ਚਾਹ ਅਤੇ ਕੌਫੀ 'ਤੇ ਪਹਿਲਾਂ ਦੇ ਮੁਕਾਬਲੇ 2 ਫੀਸਦੀ ਘੱਟ ਟੈਕਸ ਲੱਗੇਗਾ। ਇਸ 'ਚ ਇਨਸਟੈਂਟ ਕੌਫੀ ਸ਼ਾਮਲ ਨਹੀਂ ਹੈ। 
ਮਿਲਕ ਪਾਊਡਰ ਹੋਵੇਗਾ 2 ਫੀਸਦੀ ਸਸਤਾ


ਮਿਲਕ ਪਾਊਡਰ 'ਤੇ ਜ਼ੀਰੋ ਫੀਸਦੀ ਐਕਸਾਈਜ਼ ਡਿਊਟੀ ਅਤੇ 5 ਫੀਸਦੀ ਵੈਟ ਲੱਗਦਾ ਹੈ। ਇਸ ਤੋਂ ਇਲਾਵਾ ਕੇਂਦਰੀ ਵਿਕਰੀ ਟੈਕਸ, ਚੁੰਗੀ, ਐਂਟਰੀ ਟੈਕਸ ਨੂੰ ਮਿਲਾ ਕੇ ਮਿਲਕ ਪਾਊਡਰ 'ਤੇ ਮੌਜੂਦਾ ਟੈਕਸ 7 ਫੀਸਦੀ ਤੋਂ ਜ਼ਿਆਦਾ ਹੈ, ਜੋ ਕਿ ਜੀ. ਐੱਸ. ਟੀ. ਤੋਂ ਬਾਅਦ 2 ਫੀਸਦੀ ਘੱਟ ਹੋ ਜਾਵੇਗਾ। ਪ੍ਰਸਤਾਵਿਤ ਵਸਤੂ ਅਤੇ ਸੇਵਾ ਟੈਕਸ 'ਚ ਮਿਲਕ ਪਾਊਡਰ 'ਤੇ ਸਿਰਫ 5 ਫੀਸਦੀ ਟੈਕਸ ਲੱਗੇਗਾ। ਇਸ ਤਰ੍ਹਾਂ ਮਿਲਕ ਪਾਊਡਰ 'ਤੇ 2 ਫੀਸਦੀ ਟੈਕਸ ਘੱਟ ਹੋਵੇਗਾ।