ਟੀ. ਸੀ. ਐੱਸ. ਦੇ ਸ਼ਾਨਦਾਰ ਨਤੀਜੇ, ਹੋਇਆ 6,904 ਕਰੋੜ ਦਾ ਮੁਨਾਫਾ

04/20/2018 10:00:14 AM

ਨਵੀਂ ਦਿੱਲੀ— ਦੇਸ਼ ਦੀ ਆਈ. ਟੀ. ਸੈਕਟਰ ਦੀ ਦਿੱਗਜ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਨੇ ਪਿਛਲੇ ਵਿੱਤੀ ਸਾਲ ਦੀ ਜਨਵਰੀ-ਮਾਰਚ ਤਿਮਾਹੀ 'ਚ ਸ਼ਾਨਦਾਰ ਨਤੀਜੇ ਹਾਸਲ ਕੀਤੇ ਹਨ। ਸਾਲਾਨਾ ਆਧਾਰ 'ਤੇ ਟੀ. ਸੀ. ਐੱਸ. ਦਾ ਮੁਨਾਫਾ 4.5 ਫੀਸਦੀ ਵਧਿਆ ਹੈ। ਟੀ. ਸੀ. ਐੱਸ. ਦਾ ਜਨਵਰੀ-ਮਾਰਚ ਤਿਮਾਹੀ ਦਾ ਸ਼ੁੱਧ ਮੁਨਾਫਾ 4.5 ਫੀਸਦੀ ਵਧ ਕੇ 6,904 ਕਰੋੜ ਰੁਪਏ ਰਿਹਾ। ਕੰਪਨੀ ਦਾ ਇਹ ਨਤੀਜਾ ਪਿਛਲੀ 14 ਤਿਮਾਹੀਆਂ 'ਚ ਸਭ ਤੋਂ ਬਿਹਤਰ ਹੈ। ਡਾਲਰ 'ਚ ਤੇਜ਼ੀ ਦੇ ਦਮ 'ਤੇ ਕੰਪਨੀ ਦੀ ਆਮਦਨ 'ਚ ਵਾਧਾ ਦੋ ਅੰਕ 'ਚ ਰਿਹਾ।

ਜੇਕਰ ਪਿਛਲੇ ਸਾਲ ਦੀ ਜਨਵਰੀ-ਮਾਰਚ ਤਿਮਾਹੀ ਦੇ ਮੁਕਾਬਲੇ ਇਸ ਵਾਰ ਦੀ ਤਿਮਾਹੀ 'ਚ ਕੰਪਨੀ ਦਾ ਮੁਨਾਫਾ ਦੇਖੀਏ ਤਾਂ ਟੀ. ਸੀ. ਐੱਸ. ਦਾ ਸ਼ੁੱਧ ਮੁਨਾਫਾ 5.7 ਫੀਸਦੀ ਵਧਿਆ ਹੈ। ਵਿੱਤੀ ਸਾਲ 2017-18 ਦੀ ਚੌਥੀ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਮੁਨਾਫਾ ਅਤੇ ਆਮਦਨ ਬਾਜ਼ਾਰ ਦੀਆਂ ਉਮੀਦਾਂ ਤੋਂ ਬਿਹਤਰ ਰਹੇ ਹਨ। ਕੰਪਨੀ ਦੀ ਆਮਦਨ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦੀ ਤਿਮਾਹੀ ਦੀ ਤੁਲਨਾ 'ਚ ਇਸ ਵਾਰ ਟੀ. ਸੀ. ਐੱਸ. ਦੀ ਆਮਦਨ 8.2 ਫੀਸਦੀ ਵਧ ਕੇ 32,075 ਕਰੋੜ ਰੁਪਏ ਹੋ ਗਈ। ਇਸ ਵਿਚਕਾਰ ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਸ਼ੇਅਰ ਧਾਰਕਾਂ ਨੂੰ ਇਕ 'ਤੇ ਇਕ ਦੇ ਅਨੁਪਾਤ 'ਚ ਬੋਨਸ ਸ਼ੇਅਰ ਜਾਰੀ ਕਰਨ ਦੀ ਸਿਫਾਰਸ਼ ਕੀਤੀ ਹੈ। ਉੱਥੇ ਹੀ, ਕੰਪਨੀ ਨੇ ਆਉਣ ਵਾਲੀਆਂ ਤਿਮਾਹੀਆਂ 'ਚ ਵੀ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਜਤਾਈ ਹੈ।