ਮਹਿੰਗੀ ਗੱਡੀ ਨਾਲ ਪਾਈ ਫੋਟੋ, ਤਾਂ IT ਵਿਭਾਗ ਭੇਜ ਸਕਦੈ ਨੋਟਿਸ!

03/26/2019 2:43:29 PM

ਨਵੀਂ ਦਿੱਲੀ— ਹੁਣ ਇਨਕਮ ਟੈਕਸ ਵਿਭਾਗ ਤੋਂ ਤੁਸੀਂ ਕਮਾਈ ਦੀ ਜਾਣਕਾਰੀ ਨਹੀਂ ਲੁਕਾ ਸਕੋਗੇ। ਇਸ ਦੀ ਪੋਲ ਤੁਹਾਡੇ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਪੋਸਟ ਖੋਲ੍ਹ ਸਕਦੀ ਹੈ। ਨਵੇਂ ਮਾਲੀ ਸਾਲ 'ਚ ਅਧਿਕਾਰੀ ਟੈਕਸਦਾਤਾਵਾਂ ਦੀ ਪੂਰੀ ਪ੍ਰੋਫਾਈਲ ਤਲਾਸ਼ ਕਰਨਾ ਸ਼ੁਰੂ ਕਰ ਦੇਣਗੇ। ਉਨ੍ਹਾਂ ਲੋਕਾਂ ਦੀ ਜ਼ਿੰਦਗੀ 'ਚ ਹੁਣ ਵੱਡਾ ਬਦਲਾਵ ਹੋਣ ਵਾਲਾ ਹੈ, ਜਿਨ੍ਹਾਂ ਦਾ ਖਰਚ ਉਨ੍ਹਾਂ ਵੱਲੋਂ ਘੋਸ਼ਿਤ ਕੀਤੀ ਗਈ ਕਮਾਈ ਨਾਲ ਮੇਲ ਨਹੀਂ ਖਾਂਦਾ ਹੈ।

 

ਹੁਣ ਤਕ ਟੈਕਸ ਚੋਰੀ ਰੋਕਣ ਲਈ ਬੈਂਕ ਵਰਗੇ ਰਿਵਾਇਤੀ ਸਰੋਤ ਹੀ ਸਰਕਾਰ ਵਰਤ ਰਹੀ ਸੀ, ਜਿਸ ਕਾਰਨ ਕਈ ਲੋਕ ਇਨਕਮ ਟੈਕਸ ਵਿਭਾਗ ਦੀ ਪਕੜ ਤੋਂ ਬਚ ਜਾਂਦੇ ਸਨ ਪਰ ਹੁਣ ਇਸ ਤਰ੍ਹਾਂ ਨਹੀਂ ਹੋਣ ਵਾਲਾ। 'ਪ੍ਰੋਜੈਕਟ ਇਨਸਾਈਟ' ਤਹਿਤ ਫੇਸਬੁੱਕ ਤੇ ਇੰਸਟਾਗ੍ਰਾਮ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਤੋਂ ਵੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਵਿਭਾਗ ਦੀ ਉਨ੍ਹਾਂ ਲੋਕਾਂ 'ਤੇ ਨਜ਼ਰ ਹੋਵੇਗੀ, ਜੋ ਇਨਕਮ ਟੈਕਸ ਭਰਨ ਵੇਲੇ ਤਾਂ ਕਮਾਈ ਘੱਟ ਦੱਸਦੇ ਹਨ ਪਰ ਮਹਿੰਗੀ ਗੱਡੀ ਜਾਂ ਵਿਦੇਸ਼ੀ ਸੈਰ ਵਾਲੀ ਫੋਟੋ ਪੋਸਟ ਕਰਦੇ ਰਹਿੰਦੇ ਹਨ। ਇਨਕਮ ਟੈਕਸ ਵਿਭਾਗ ਇਕ ਅਪ੍ਰੈਲ ਤੋਂ ਪ੍ਰੋਜੈਕਟ ਇਨਸਾਈਟ ਸ਼ੁਰੂ ਕਰਨ ਜਾ ਰਿਹਾ ਹੈ।
ਇਸ ਪ੍ਰੋਜੈਕਟ 'ਤੇ ਵਿਭਾਗ ਨੇ ਇਕ ਹਜ਼ਾਰ ਕਰੋੜ ਰੁਪਏ ਖਰਚ ਕੀਤੇ ਹਨ। ਇਹ ਪ੍ਰੋਜੈਕਟ ਪਿਛਲੇ ਕਈ ਸਾਲਾਂ ਤੋਂ ਬਣ ਰਿਹਾ ਸੀ। ਇਸ ਨਾਲ ਟੈਕਸ ਚੋਰੀ ਰੋਕਣ 'ਚ ਮਦਦ ਮਿਲੇਗੀ। ਸਰਕਾਰ ਦਾ ਮੰਨਣਾ ਹੈ ਕਿ ਕਾਫੀ ਲੋਕ ਹੁਣ ਵੀ ਕਮਾਈ ਦੀ ਸਹੀ ਜਾਣਕਾਰੀ ਨਹੀਂ ਦੇ ਰਹੇ ਹਨ, ਜਦੋਂ ਕਿ ਘੁੰਮਣ-ਫਿਰਨ, ਘਰ-ਬਾਈਕ ਤੇ ਕਾਰ ਖਰੀਦਣ 'ਤੇ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹਨ। ਟੈਕਸ ਅਧਿਕਾਰੀ ਹੁਣ ਸੋਸ਼ਲ ਮੀਡੀਆ ਪ੍ਰੋਫਾਈਲ ਤੋਂ ਉਨ੍ਹਾਂ ਸੂਚਨਾਵਾਂ ਨੂੰ ਪ੍ਰਾਪਤ ਕਰ ਸਕਦਾ ਹੈ ਅਤੇ ਤੁਹਾਡੀ ਕਮਾਈ ਅਤੇ ਖਰਚ ਵਿਚਕਾਰ ਦੇ ਫਰਕ ਨੂੰ ਸਮਝਣ ਲਈ ਡਾਟਾਬੇਸ ਦਾ ਇਸਤੇਮਾਲ ਕਰ ਸਕਦਾ ਹੈ। ਕਿਸੇ ਵੀ ਬੇਮੇਲ ਦੇ ਮਾਮਲੇ 'ਚ ਅਗਲਾ ਕਦਮ ਤੁਹਾਡੇ ਘਰ ਜਾਂ ਦਫਤਰ 'ਚ ਟੈਕਸ ਛਾਪਾ ਹੋ ਸਕਦਾ ਹੈ।