ਟਾਟਾ ਮੋਟਰਜ਼ ਨੇ ਕਾਰਾਂ ਦੀ ਕੀਮਤ ਵਧਾਈ, ਹੁਣ ਇੰਨੀ ਢਿੱਲੀ ਹੋਏਗੀ ਜੇਬ

01/22/2021 10:00:30 PM

ਨਵੀਂ ਦਿੱਲੀ- ਟਾਟਾ ਮੋਟਰਜ਼ ਨੇ ਕਾਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਸ਼ੁੱਕਰਵਾਰ ਨੂੰ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਸਟੀਲ, ਸੈਮੀਕੰਡਕਟਰਸ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ ਅਤੇ ਉਤਪਾਦਨ ਲਾਗਤ ਵੱਧ ਗਈ ਹੈ, ਜਿਸ ਕਾਰਨ ਕੀਮਤਾਂ ਵਧਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਟਾਟਾ ਮੋਟਰਜ਼ ਨੇ ਕੀਮਤਾਂ ਵਿਚ ਵਾਧਾ 22 ਜਨਵਰੀ ਤੋਂ ਲਾਗੂ ਕਰ ਦਿੱਤਾ ਹੈ।

ਟਾਟਾ ਮੋਟਰਜ਼ ਨੇ ਕਿਹਾ ਕਿ ਮਾਡਲ ਦੇ ਹਿਸਾਬ ਨਾਲ ਕੀਮਤਾਂ ਵਿਚ 26,000 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਹਾਲਾਂਕਿ, ਕਈ ਮਾਡਲਾਂ ਦੀ ਕੀਮਤ ਬਹੁਤ ਮਾਮੂਲੀ ਵਧਾਈ ਗਈ ਹੈ।

ਉੱਥੇ ਹੀ, ਕੰਪਨੀ ਨੇ ਇਹ ਵੀ ਕਿਹਾ ਕਿ ਉਹ ਗਾਹਕਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਜਾਰੀ ਰੱਖਦਿਆਂ ਉਨ੍ਹਾਂ ਗਾਹਕਾਂ ਨੂੰ ਕੀਮਤਾਂ ਵਿਚ ਵਾਧੇ ਤੋਂ ਸੁਰੱਖਿਆ ਦੀ ਪੇਸ਼ਕਸ਼ ਵੀ ਕਰੇਗੀ, ਜਿਨ੍ਹਾਂ ਨੇ 21 ਜਨਵਰੀ ਨੂੰ ਜਾਂ ਇਸ ਤੋਂ ਪਹਿਲਾਂ ਟਾਟਾ ਯਾਤਰੀ ਵਾਹਨ ਬੁੱਕ ਕਰਵਾਏ ਹਨ। 

ਇਹ ਵੀ ਪੜ੍ਹੋ- HDFC ਬੈਂਕ ਦੇ ਨਵੇਂ ਕ੍ਰੈਡਿਟ ਕਾਰਡ ਲਈ ਜਲਦ ਖ਼ਤਮ ਹੋ ਸਕਦਾ ਹੈ ਇੰਤਜ਼ਾਰ

ਟਾਟਾ ਮੋਟਰਜ਼ ਇਸ ਸਮੇਂ 4.7 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈਚਬੈਕ ਟਿਆਗੋ ਤੋਂ ਲੈ ਕੇ 19.1 ਲੱਖ ਰੁਪਏ (ਐਕਸ-ਸ਼ੋਅਰੂਮ ਦਿੱਲੀ) ਦੀ ਕੀਮਤ ਵਾਲੀ ਐੱਸ. ਯੂ. ਵੀ. ਹੈਰੀਅਰ ਵੇਚਦੀ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਮਾਰੂਤੀ ਸੁਜ਼ੂਕੀ ਅਤੇ ਮਹਿੰਦਰਾ ਐਂਡ ਮਹਿੰਦਰਾ ਵੀ ਯਾਤਰੀ ਵਾਹਨਾਂ ਦੀ ਕੀਮਤ ਵਧਾ ਚੁੱਕੇ ਹਨ। ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਨੇ ਆਪਣੇ ਨਿੱਜੀ ਅਤੇ ਵਪਾਰਕ ਵਾਹਨਾਂ ਦੀਆਂ ਕੀਮਤਾਂ ਵਿਚ 4,500 ਰੁਪਏ ਤੋਂ ਲੈ ਕੇ 40,000 ਰੁਪਏ ਤੱਕ ਦਾ ਵਾਧਾ ਕੀਤਾ ਸੀ। ਮਾਰੂਤੀ ਸੁਜ਼ੂਕੀ ਨੇ ਕਾਰਾਂ ਦੀ ਕੀਮਤਾਂ ਵਿਚ 34,000 ਰੁਪਏ ਤੱਕ ਦਾ ਵਾਧਾ ਕੀਤਾ ਹੈ।

ਇਹ ਵੀ ਪੜ੍ਹੋ- ਬਜਟ 2021 : ਕਿਸਾਨਾਂ ਨੂੰ ਸਾਲ 'ਚ 6 ਹਜ਼ਾਰ ਦੀ ਥਾਂ ਮਿਲ ਸਕਦੇ ਨੇ 10,000 ਰੁ:

Sanjeev

This news is Content Editor Sanjeev