ਏਅਰ ਏਸ਼ੀਆ ਇੰਡੀਆ ’ਚ ਵਧ ਰਿਹੈ ਟਾਟਾ ਸਮੂਹ ਦਾ ਦਬਦਬਾ

12/30/2019 11:29:17 AM

ਮੁੰਬਈ — ਮੁਕਾਬਲੇਬਾਜ਼ ਘਰੇਲੂ ਹਵਾਬਾਜ਼ੀ ਬਾਜ਼ਾਰ ’ਚ ਏਅਰ ਏਸ਼ੀਆ ਇੰਡੀਆ ਆਪਣੇ ਪੈਰ ਜਮਾਉਣ ਲਈ ਜਿੱਥੇ ਇਕ ਪਾਸੇ ਸੰਘਰਸ਼ ਕਰ ਰਹੀ ਹੈ ਉਥੇ ਹੀ ਕੰਪਨੀ ਦੇ ਸੰਚਾਲਨ ’ਚ ਟਾਟਾ ਸਮੂਹ ਦਾ ਦਬਦਬਾ ਵਧ ਰਿਹਾ ਹੈ ਅਤੇ ਸਾਰੇ ਸੀਨੀਅਰ ਅਹੁਦਿਆਂ ’ਤੇ ਸਮੂਹ ਨਾਲ ਜੁਡ਼ੇ ਕਾਰਜਕਾਰੀ ਕਾਬਜ਼ ਹੋ ਗਏ ਹਨ। ਇਹ ਹਵਾਈ ਕੰਪਨੀ ਟਾਟਾ ਸਮੂਹ ਅਤੇ ਮਲੇਸ਼ੀਆ ਦੀ ਏਅਰ ਏਸ਼ੀਆ ਸਮੂਹ ਦਾ ਸਾਂਝਾ ਅਦਾਰਾ ਹੈ। ਇਸ ’ਚ ਟਾਟਾ ਦੀ ਬਹੁ ਅੰਸ਼ ਹਿੱਸੇਦਾਰੀ ਹੈ। ਕੰਪਨੀ ਨੇ ਲਗਭਗ 6 ਸਾਲ ਪਹਿਲਾਂ ਸੰਚਾਲਨ ਸ਼ੁਰੂ ਕੀਤਾ ਸੀ ਅਤੇ ਨਵੰਬਰ 2019 ’ਚ ਘਰੇਲੂ ਬਾਜ਼ਾਰ ’ਚ ਉਸ ਦੀ 6.8 ਫ਼ੀਸਦੀ ਹਿੱਸੇਦਾਰੀ ਹੋ ਗਈ।

ਇਕ ਸੂਤਰ ਨੇ ਕਿਹਾ, ‘‘ਏਅਰ ਏਸ਼ੀਆ ਇੰਡੀਆ ਦੇ ਪ੍ਰਬੰਧਨ ’ਚ ਹੁਣ ਟਾਟਾ ਸੰਜ਼ ਦਾ ਦਬਦਬਾ ਹੈ। ਪਹਿਲਾਂ ਸਾਰੀਆਂ ਮਹੱਤਵਪੂਰਣ ਨਿਯੁਕਤੀਆਂ ’ਚ ਏਅਰ ਏਸ਼ੀਆ ਸਮੂਹ ਦੀ ਭੂਮਿਕਾ ਜ਼ਿਆਦਾ ਹੁੰਦੀ ਸੀ। ਹੁਣ ਪ੍ਰਬੰਧ ਨਿਰਦੇਸ਼ਕ (ਐੱਮ. ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਮੁੱਖ ਵਿੱਤ ਅਧਿਕਾਰੀ (ਸੀ. ਐੱਫ. ਓ.) ਸਮੇਤ ਕੰਪਨੀ ਦੇ ਸਾਰੇ ਸਿਖਰਲੇ ਅਹੁਦਿਆਂ ’ਤੇ ਅਜਿਹੇ ਲੋਕ ਕਾਬਜ਼ ਹਨ ਜੋ ਪਹਿਲਾਂ ਟਾਟਾ ਸਮੂਹ ਨਾਲ ਜੁਡ਼ੇ ਰਹਿ ਚੁੱਕੇ ਹਨ।’’ ਉਸ ਨੇ ਕਿਹਾ ਕਿ ਕੰਪਨੀ ਦੇ ਸ਼ੁਰੂਆਤੀ ਸਮੇਂ ’ਚ ਸਿਖਰਲੇ ਅਹੁਦਿਆਂ ’ਤੇ ਨਿਯੁਕਤੀ ’ਚ ਏਅਰ ਏਸ਼ੀਆ ਸਮੂਹ ਦੀ ਜ਼ਿਆਦਾ ਚੱਲਦੀ ਸੀ। ਏਅਰ ਏਸ਼ੀਆ ਸਮੂਹ ਨੇ ਇਸ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਇਸ ਮਾਮਲੇ ’ਚ ਏਅਰ ਏਸ਼ੀਆ ਇੰਡੀਆ ਬਿਹਤਰ ਪ੍ਰਤੀਕਿਰਿਆ ਦੇ ਸਕਦੀ ਹੈ। ਏਅਰ ਏਸ਼ੀਆ ਇੰਡੀਆ ਨੇ ਇਸ ਬਾਰੇ ਪੁੱਛੇ ਜਾਣ ’ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਟਾਟਾ ਸੰਜ਼ ਨੇ ਵੀ ਇਸ ’ਤੇ ਹੁਣ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।