ਮਹਿੰਗਾ ਪੈ ਰਿਹੈ ਚੀਨ ਨੂੰ U.S. ਨਾਲ ਪੰਗਾ, ਟਾਪ ਪਾਰਟਨਰ ਦਾ ਤਮਗਾ ਖੁੱਸਾ

08/03/2019 12:32:57 PM

ਨਵੀਂ ਦਿੱਲੀ—  ਯੂ. ਐੱਸ. ਅਤੇ ਚੀਨ ਵਿਚਕਾਰ ਜਾਰੀ ਵਪਾਰ ਯੁੱਧ ਨਾਲ ਭਾਰਤ ਨੂੰ ਦੋਹਾਂ ਦੇਸ਼ਾਂ ਨਾਲ ਬਰਾਮਦ ਵਧਾਉਣ ਦਾ ਸ਼ਾਨਦਾਰ ਮੌਕਾ ਮਿਲ ਸਕਦਾ ਹੈ। ਇਸ ਦਾ ਕਾਰਨ ਹੈ ਕਿ ਵਾਸ਼ਿੰਗਟਨ ਤੇ ਬੀਜਿੰਗ ਵਿਚਕਾਰ ਵਧੇ ਟੈਰਿਫ ਵਿਵਾਦ ਕਾਰਨ ਚੀਨ ਨੂੰ ਤਕੜਾ ਝਟਕਾ ਲੱਗਾ ਹੈ। ਹੁਣ ਉਹ ਯੂ. ਐੱਸ. ਦਾ ਟਾਪ ਕਾਰੋਬਾਰੀ ਪਾਰਟਨਰ ਨਹੀਂ ਰਿਹਾ। ਇਨ੍ਹਾਂ ਦੋਹਾਂ ਦਿੱਗਜਾਂ ਵਿਚਕਾਰ ਬਰਾਮਦ ਤੇ ਦਰਾਮਦ 'ਚ ਤੇਜ਼ ਗਿਰਾਵਟ ਦਰਜ ਹੋਈ ਹੈ।

 



USA-ਚੀਨ 'ਚ ਵਾਪਰ ਡਿੱਗਾ
ਸ਼ੁੱਕਰਵਾਰ ਯੂ. ਐੱਸ. ਕਾਮਰਸ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਪਿਛਲੇ ਸਾਲ ਦੀ ਤੁਲਨਾ 'ਚ 2019 ਦੇ ਪਹਿਲੇ 6 ਮਹੀਨਿਆਂ ਦੌਰਾਨ ਯੂ. ਐੱਸ. ਨੇ ਚੀਨ ਤੋਂ 12 ਫੀਸਦੀ ਘੱਟ ਮਾਲ ਦਰਾਮਦ ਕੀਤਾ ਹੈ, ਜਦੋਂ ਕਿ ਇਸ ਦੌਰਾਨ ਬਰਾਮਦ 19 ਫੀਸਦੀ ਘਟੀ ਹੈ। ਪਹਿਲੇ 6 ਮਹੀਨਿਆਂ 'ਚ ਵਾਸ਼ਿੰਗਟਨ ਤੇ ਬੀਜਿੰਗ ਵਿਚਕਾਰ ਦੋ-ਪੱਖੀ ਗੁੱਡਜ਼ ਵਪਾਰ 271 ਅਰਬ ਡਾਲਰ ਦਾ ਰਿਹਾ, ਜੋ 2005 ਤੋਂ ਬਾਅਦ ਪਹਿਲੀ ਵਾਰ ਕੈਨੇਡਾ ਤੇ ਮੈਕਸੀਕੋ ਤੋਂ ਘੱਟ ਹੈ। ਵਾਲ ਸਟ੍ਰੀਟ ਦੀ ਰਿਪੋਰਟ ਮੁਤਾਬਕ, ਮੈਕਸੀਕੋ ਹੁਣ ਅਮਰੀਕਾ ਦਾ ਟਾਪ ਕਾਰੋਬਾਰੀ ਪਾਰਟਨਰ ਹੈ।

 


ਯੂ. ਐੱਸ. ਤੇ ਚੀਨ ਵਿਚਕਾਰ ਵਪਾਰ ਨੂੰ ਲੈ ਕੇ ਖਹਿਬਾਜ਼ੀ ਖਤਮ ਨਹੀਂ ਹੋ ਰਹੀ। ਡੋਨਾਲਡ ਟਰੰਪ ਸਰਕਾਰ ਹੁਣ ਤਕ 250 ਅਰਬ ਡਾਲਰ ਦੇ ਚਾਈਨਿਜ਼ ਇੰਪੋਰਟ 'ਤੇ 25 ਫੀਸਦੀ ਟੈਰਿਫ ਲਾ ਚੁੱਕੀ ਹੈ। ਉੱਥੇ ਹੀ, 300 ਅਰਬ ਡਾਲਰ ਦੇ ਹੋਰ ਇੰਪੋਰਟਡ ਚੀਨੀ ਸਮਾਨ 'ਤੇ ਸਤੰਬਰ ਤੋਂ 10 ਫੀਸਦੀ ਟੈਰਿਫ ਲੱਗਣ ਜਾ ਰਿਹਾ ਹੈ। ਟਰੰਪ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਭਵਿੱਖ 'ਚ ਇਹ 10 ਫੀਸਦੀ ਟੈਰਿਫ ਵੀ ਵਧਾ ਕੇ 25 ਫੀਸਦੀ ਕੀਤਾ ਜਾ ਸਕਦਾ ਹੈ। ਇਸ ਵਿਚਕਾਰ ਖਬਰਾਂ ਇਹ ਵੀ ਹਨ ਕਿ ਕੁਝ ਚਾਈਨਿਜ਼ ਨਿਰਮਾਤਾ ਯੂ. ਐੱਸ. ਡਿਊਟੀ ਨੂੰ ਚਕਮਾ ਦੇਣ ਲਈ ਵੀਅਤਨਾਮ ਤੇ ਹੋਰ ਦੇਸ਼ਾਂ ਜ਼ਰੀਏ ਮਾਲ ਸਪਲਾਈ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਟਰੰਪ ਲਗਾਤਾਰ ਭਾਰਤ ਨੂੰ ਆਪਣਾ ਬਾਜ਼ਾਰ ਅਮਰੀਕਾ ਲਈ ਖੋਲ੍ਹਣ ਲਈ ਕਹਿ ਰਹੇ ਹਨ। ਜੇਕਰ ਭਾਰਤ ਰਣਨੀਤੀ ਤਹਿਤ ਯੂ. ਐੱਸ. ਨਾਲ ਗੱਲਬਾਤ ਕਰਦਾ ਹੈ ਤਾਂ ਬਰਾਮਦ ਵਧਾਉਣ ਦਾ ਮੌਕਾ ਮਿਲ ਸਕਦਾ ਹੈ।