ਸਵਿਸ ਬੈਂਕਾਂ ''ਚ ਜਮ੍ਹਾਂ ਵਿਦੇਸ਼ੀਆਂ ਦੇ ਧਨ ''ਚ ਭਾਰਤੀਆਂ ਦਾ ਹਿੱਸਾ ਸਿਰਫ 0.06 ਫ਼ੀਸਦੀ, ਪੁੱਜਾ 77ਵੇਂ ਸਥਾਨ ''ਤੇ

06/26/2020 3:20:56 PM

ਨਵੀਂ ਦਿੱਲੀ (ਭਾਸ਼ਾ) : ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਭਾਰਤੀ ਨਾਗਰਿਕਾਂ ਅਤੇ ਕੰਪਨੀਆਂ ਦੇ ਜਮ੍ਹਾ ਧਨ ਦੇ ਮਾਮਲੇ ਵਿਚ ਭਾਰਤ 3 ਸਥਾਨ ਫਿਸਲ ਕੇ 77ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਸਵਿਟਜਰਲੈਂਡ ਦੇ ਕੇਂਦਰੀ ਬੈਂਕ ਦੇ ਤਾਜ਼ਾ ਅੰਕੜਿਆਂ ਵਿਚ ਇਹ ਜਾਣਕਾਰੀ ਮਿਲੀ ਹੈ। ਇਸ ਸੂਚੀ ਵਿਚ ਬ੍ਰਿਟੇਨ ਪਹਿਲੇ ਸਥਾਨ 'ਤੇ ਕਾਇਮ ਹੈ। ਪਿਛਲੇ ਸਾਲ ਭਾਰਤ ਇਸ ਸੂਚੀ ਵਿਚ 74ਵੇਂ ਸਥਾਨ 'ਤੇ ਸੀ। ਸਵਿਸ ਨੈਸ਼ਨਲ ਬੈਂਕ (ਐੱਸ.ਐੱਨ.ਬੀ.) ਵੱਲੋਂ ਜਾਰੀ ਸਾਲਾਨਾ ਬੈਂਕਿੰਗ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਨਾਗਰਿਕਾਂ ਅਤੇ ਕੰਪਨੀਆਂ ਵੱਲੋਂ ਧਨ ਜਮ੍ਹਾ ਕਰਨ ਦੇ ਮਾਮਲੇ ਵਿਚ ਭਾਰਤ ਕਾਫੀ ਹੇਠਲੇ ਪਾਏਦਾਨ 'ਤੇ ਆਉਂਦਾ ਹੈ। ਸਵਿਸ ਬੈਂਕਾਂ ਵਿਚ ਵਿਦੇਸ਼ੀਆਂ ਵੱਲੋਂ ਜਮ੍ਹਾਂ ਧਨ ਵਿਚ ਭਾਰਤੀਆਂ ਦਾ ਹਿੱਸਾ ਸਿਰਫ 0.06 ਫ਼ੀਸਦੀ ਹੈ।

ਉਥੇ ਹੀ 2019 ਦੇ ਅੰਤ ਤੱਕ ਸੂਚੀ ਵਿਚ ਪਹਿਲੇ ਸਥਾਨ 'ਤੇ ਰਹਿਣ ਵਾਲੇ ਬ੍ਰਿਟੇਨ ਦੇ ਨਾਗਰਿਕਾਂ ਦਾ ਕੁੱਲ ਜਮ੍ਹਾ ਧਨ ਵਿਚ ਹਿੱਸਾ 27 ਫ਼ੀਸਦੀ ਹੈ। ਐੱਸ.ਐੱਨ.ਬੀ. ਦੇ ਤਾਜ਼ਾ ਅੰਕੜਿਆਂ ਅਨੁਸਾਰ ਭਾਰਤੀ ਨਾਗਰਿਕਾਂ ਅਤੇ ਕੰਪਨੀਆਂ (ਭਾਰਤ ਵਿਚ ਸਥਿਤ ਸ਼ਾਖਾਵਾਂ ਜ਼ਰੀਏ ਜਮ੍ਹਾ ਸਮੇਤ) ਦਾ ਸਵਿਸ ਬੈਂਕਾਂ ਵਿਚ ਜਮ੍ਹਾ ਧਨ 2019 ਵਿਚ 5.8 ਫ਼ੀਸਦੀ ਘੱਟ ਕੇ 89.9 ਕਰੋੜ ਸਵਿਸ ਫਰੈਂਕ (6,625 ਕਰੋੜ ਰੁਪਏ) ਰਹਿ ਗਿਆ। ਇਹ ਸਵਿਸ ਬੈਂਕਾਂ ਦੀ ਭਾਰਤੀਆਂ ਗਾਹਕਾਂ ਦੇ ਪ੍ਰਤੀ 'ਕੁਲ ਦੇਣਦਾਰੀ' ਹੈ। ਇਨ੍ਹਾਂ ਵਿਚ ਭਾਰਤੀ ਗਾਹਕਾਂ ਦੇ ਸਾਰੇ ਤਰ੍ਹਾਂ ਦੇ ਖਾਤੇ ਸ਼ਾਮਲ ਹਨ। ਉਦਾਹਰਣ ਵਿਅਕਤੀਗਤ ਲੋਕਾਂ, ਬੈਂਕਾਂ ਅਤੇ ਕੰਪਨੀਆਂ ਦੀ ਜਮ੍ਹਾ। ਇਨ੍ਹਾਂ ਅੰਕੜਿਆਂ ਵਿਚ ਭਾਰਤ ਵਿਚ ਸਵਿਸ ਬੈਂਕਾਂ ਦੀਆਂ ਸ਼ਾਖਾਵਾਂ ਵਿਚ ਜਮ੍ਹਾ ਵੀ ਸ਼ਾਮਲ ਹੈ। ਇਹ ਆਧਿਕਾਰਤ ਅੰਕੜੇ ਹਨ ਜੋ ਬੈਂਕਾਂ ਨੇ ਐੱਸ.ਐੱਨ.ਬੀ. ਨੂੰ ਦਿੱਤੇ ਹਨ। ਇਨ੍ਹਾਂ ਤੋਂ ਸਵਿਟਜਰਲੈਂਡ ਵਿਚ ਜਮ੍ਹਾਂ ਭਾਰਤੀਆਂ ਦੇ ਕਾਲੇਧਨ ਦਾ ਸੰਕੇਤ ਨਹੀਂ ਮਿਲਦਾ, ਜਿਸ ਨੂੰ ਲੈ ਕੇ ਚਰਚਾ ਹੁੰਦੀ ਰਹੀ ਹੈ। ਇਨ੍ਹਾਂ ਅੰਕੜਿਆਂ ਵਿਚ ਉਨ੍ਹਾਂ ਭਾਰਤੀਆਂ, ਪ੍ਰਵਾਸੀ ਭਾਰਤੀਆਂ ਜਾਂ ਹੋਰ ਦਾ ਪੈਸਾ ਸ਼ਾਮਲ ਨਹੀਂ ਹੈ ਜੋ ਸਵਿਸ ਬੈਂਕਾਂ ਵਿਚ ਤੀਜੇ ਦੇਸ਼ਾਂ ਦੀਆਂ ਇਕਾਈਆਂ ਦੇ ਨਾਮ 'ਤੇ ਰੱਖੇ ਗਏ ਹਨ।

ਸੂਚੀ ਵਿਚ ਬ੍ਰਿਟੇਨ ਪਹਿਲੇ ਸਥਾਨ 'ਤੇ ਹੈ। ਉਸ ਦੇ ਬਾਅਦ ਅਮਰੀਕਾ ਦੂਜੇ, ਵੈਸਟ ਇੰਡੀਜ ਤੀਜੇ, ਫ਼ਰਾਂਸ ਚੌਥੇ ਅਤੇ ਹਾਂਗਕਾਂਗ ਪੰਜਵੇਂ ਸਥਾਨ 'ਤੇ ਹੈ। ਸਵਿਸ ਬੈਂਕਾਂ ਵਿਚ ਜਮ੍ਹਾਂ ਕੁੱਲ ਧਨ ਵਿਚ ਸਿਖ਼ਰ 5 ਦੇਸ਼ਾਂ ਦਾ ਹਿੱਸਾ 50 ਫ਼ੀਸਦੀ ਤੋਂ ਜ਼ਿਆਦਾ ਹੈ। ਉਥੇ ਹੀ ਸਿਖ਼ਰ 10 ਦੇਸ਼ਾਂ ਦਾ ਹਿੱਸਾ 66 ਫ਼ੀਸਦੀ ਤੋਂ ਜ਼ਿਆਦਾ ਹੈ। ਸੂਚੀ ਵਿਚ ਸਿਖ਼ਰ 15 ਦੇਸ਼ਾਂ ਦਾ ਹਿੱਸਾ 75 ਫ਼ੀਸਦੀ ਅਤੇ ਸਿਖ਼ਰ 30 ਦੇਸ਼ਾਂ ਦਾ ਹਿੱਸਾ ਕਰੀਬ 90 ਫ਼ੀਸਦੀ ਹੈ। ਸਿਖ਼ਰ 10 ਦੇਸ਼ਾਂ ਵਿਚ ਜਰਮਨੀ, ਲਕਜਮਬਰਗ, ਬਹਾਮਾਸ, ਸਿੰਗਾਪੁਰ ਅਤੇ ਕੇਮੈਨ ਆਇਲੈਂਡ ਵੀ ਸ਼ਾਮਲ ਹੈ। ਸਿਰਫ 22 ਦੇਸ਼ ਅਜਿਹੇ ਹਨ ਜਿਨ੍ਹਾਂ ਦਾ ਸਵਿਸ ਬੈਂਕਾਂ ਵਿਚ ਜਮ੍ਹਾਂ ਧਨ ਵਿਚ ਹਿੱਸਾ 1 ਫ਼ੀਸਦੀ ਜਾਂ ਜ਼ਿਆਦਾ ਹੈ। ਇਨ੍ਹਾਂ ਵਿਚ ਚੀਨ, ਜਰਸੀ, ਰੂਸ, ਸਊਦੀ ਅਰਬ, ਆਸਟਰੇਲੀਆ, ਪਨਾਮਾ, ਇਟਲੀ, ਸਾਇਪ੍ਰਸ, ਯੂ.ਏ.ਈ., ਨੀਦਰਲੈਂਡ, ਜਾਪਾਨ ਅਤੇ ਗਰੰਜੀ ਸ਼ਾਮਲ ਹਨ। ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ , ਚੀਨ ਅਤੇ ਦੱਖਣੀ ਅਫਰੀਕਾ) ਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਸੂਚੀ ਵਿਚ ਸਭ ਤੋਂ ਹੇਠਲੇ ਸਥਾਨ 'ਤੇ ਹੈ। ਬ੍ਰਿਕਸ ਦੇਸ਼ਾਂ ਵਿਚ ਰੂਸ ਸਭ ਤੋਂ ਉੱਚੇ ਪਾਏਦਾਨ 20ਵੇਂ ਸਥਾਨ 'ਤੇ ਹੈ। 2018 ਵਿਚ ਵੀ ਉਹ ਇਸ ਸਥਾਨ 'ਤੇ ਸੀ। ਚੀਨ ਵੀ ਪਿਛਲੇ ਸਾਲ ਦੇ ਸਮਾਨ 22ਵੇਂ ਸਥਾਨ 'ਤੇ ਹੈ। ਦੱਖਣੀ ਅਫਰੀਕਾ 2 ਪਾਏਦਾਨ ਚੜ੍ਹ ਕੇ 56ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਉਥੇ ਹੀ ਬ੍ਰਾਜ਼ੀਲ 62ਵੇਂ ਸਥਾਨ 'ਤੇ ਹੈ। ਪਿਛਲੇ ਸਾਲ ਉਹ 65ਵੇਂ ਸਥਾਨ 'ਤੇ ਸੀ। ਸੂਚੀ ਵਿਚ ਭਾਰਤ ਤੋਂ ਉੱਤੇ ਵਾਲੇ ਦੇਸ਼ਾਂ ਵਿਚ ਕੀਨੀਆ (74ਵੇਂ), ਮਾਰੀਸ਼ਸ (68ਵੇਂ), ਨਿਊਜ਼ੀਲੈਂਡ (67ਵੇਂ) ਵੈਨਜ਼ੁਏਲਾ (61ਵੇਂ), ਯੂਕਰੇਨ (58ਵੇਂ),  ਫਿਲੀਪੀਨ (51ਵੇਂ), ਮਲੇਸ਼ੀਆ (49ਵੇਂ), ਸੇਸ਼ੇਲਸ (45ਵੇਂ), ਇੰਡੋਨੇਸ਼ੀਆ (44ਵੇਂ), ਦੱਖਣੀ ਕੋਰੀਆ (41ਵੇਂ), ਥਾਈਲੈਂਡ  (37ਵੇਂ), ਕੈਨੇਡਾ (36ਵੇਂ), ਇਜ਼ਰਾਇਲ (28ਵੇਂ), ਤੁਰਕੀ (26ਵੇਂ), ਮੈਕਸੀਕੋ (26ਵੇਂ), ਤਾਇਵਾਨ (24ਵੇਂ) ਸਊਦੀ ਅਰਬ  (19ਵੇਂ), ਆਸਟਰੇਲੀਆ (18ਵੇਂ), ਇਟਲੀ (16ਵੇਂ), ਯੂ.ਏ.ਈ. (14ਵੇਂ), ਨੀਦਰਲੈਂਡ (13ਵੇਂ), ਜਾਪਾਨ (12ਵੇਂ) ਅਤੇ ਗਰੰਜੀ (11ਵੇਂ) ਸਥਾਨ 'ਤੇ ਹਨ। ਹਾਲਾਂਕਿ ਕਈ ਗੁਆਂਢੀ ਦੇਸ਼ ਸੂਚੀ ਵਿਚ ਭਾਰਤ ਤੋਂ ਹੇਠਾਂ ਹਨ। ਇਨ੍ਹਾਂ ਵਿਚ ਪਾਕਿਸਤਾਨ 99ਵੇਂ, ਬਾਂਗਲਾਦੇਸ਼ 85ਵੇਂ, ਨੇਪਾਲ 118ਵੇਂ, ਸ਼੍ਰੀਲੰਕਾ 148ਵੇਂ, ਮਿਆਮਾਂ 186ਵੇਂ ਅਤੇ ਭੂਟਾਨ 196ਵੇਂ ਸਥਾਨ 'ਤੇ ਹੈ। ਇਨ੍ਹਾਂ ਸਾਰੇ ਦੇਸ਼ਾਂ ਦੀ ਜਮ੍ਹਾ ਧਨ ਵਿਚ 2019 ਵਿਚ ਗਿਰਾਵਟ ਆਈ ਹੈ।

cherry

This news is Content Editor cherry