SuperTech ਵਲੋਂ Twin Tower ਡੇਗੇ ਜਾਣ 'ਤੇ 500 ਕਰੋੜ ਦੇ ਨੁਕਸਾਨ ਦਾ ਦਾਅਵਾ, ਪ੍ਰਗਟਾਈ ਇਹ ਇੱਛਾ

09/04/2022 1:37:46 PM

ਨਵੀਂ ਦਿੱਲੀ (ਭਾਸ਼ਾ) – ਰੀਅਲ ਅਸਟੇਟ ਕੰਪਨੀ ਸੁਪਰਟੈੱਕ ਲਿਮਟਿਡ ਨੋਇਡਾ ਸਥਿਤ ਆਪਣੀ ਟਵਿਨ ਟਾਵਰ ਇਮਾਰਤ ਨੂੰ ਕੰਟਰੋਲਡ ਧਮਾਕੇ ਨਾਲ ਡੇਗੇ ਜਾਣ ਤੋਂ ਬਾਅਦ ਉਸੇ ਥਾਂ ’ਤੇ ਇਕ ਨਵੀਂ ਰਿਹਾਇਸ਼ੀ ਯੋਜਨਾ ਵਿਕਸਿਤ ਕਰਨਾ ਚਾਹੁੰਦੀ ਹੈ। ਸੁਪਰਟੈੱਕ ਦੇ ਚੇਅਰਮੈਨ ਆਰ. ਕੇ. ਅਰੋੜਾ ਨੇ ਕਿਹਾ ਕਿ ਜੇ ਨੋਇਡਾ ਵਿਕਾਸ ਅਥਾਰਿਟੀ ਇਸ ਨਵੀਂ ਯੋਜਨਾ ਨੂੰ ਮਨਜ਼ੂਰੀ ਨਹੀਂ ਦਿੰਦਾ ਹੈ ਤਾਂ ਕੰਪਨੀ ਜ਼ਮੀਨ ’ਤੇ ਆਈ ਲਾਗਤ ਅਤੇ ਹੋਰ ਖਰਚਿਆਂ ਦੀ ਵਾਪਸੀ ਦੀ ਮੰਗ ਕਰੇਗੀ।

ਸੁਪਰਟੈੱਕ ਨੇ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਟਵਿਨ ਟਾਵਰ ਦੇ ਡੇਗੇ ਜਾਣ ਨਾਲ ਲਗਭਗ 500 ਕਰੋੜ ਦਾ ਨੁਕਸਾਨ ਹੋਣ ਦਾ ਦਾਅਵਾ ਕੀਤਾ ਹੈ। ਐਮਰਾਲਡ ਕੋਰਟ ਸੋਸਾਇਟੀ ਦੇ ਅੰਦਰ ਇਨ੍ਹਾਂ ਦੋਹਾਂ ਟਾਵਰ ਦਾ ਨਿਰਮਾਣ ਨਿਰਧਾਰਤ ਮਾਪਦੰਡਾਂ ਦੀ ਉਲੰਘਣਾ ਕਰਦੇ ਹੋਏ ਕੀਤਾ ਗਿਆ ਸੀ। ਸੁਪਰੀਮ ਕੋਰਟ ਦੇ ਹੁਕਮ ’ਤੇ ਬੀਤੀ 28 ਅਗਸਤ ਨੂੰ ਦੁਪਹਿਰ 2.30 ਵਜੇ ਲਗਭਗ 100 ਮੀਟਰ ਉੱਚੇ ਇਨ੍ਹਾਂ ਟਾਵਰਾਂ ਨੂੰ ਢਾਹ ਦਿੱਤਾ ਗਿਆ। ਇਸ ਨੂੰ ਡੇਗਣ ’ਚ 3,700 ਕਿਲੋਗ੍ਰਾਮ ਤੋਂ ਵੱਧ ਵਿਸਫੋਟਕ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਸੀ। ਟਾਵਰ ਵਾਲੀ ਥਾਂ ਤੋਂ ਮਲਬਾ ਹਟਾਏ ਜਾਣ ਤੋਂ ਬਾਅਦ ਅਰੋੜਾ ਨੇ ਕਿਹਾ ਕਿ ਕੰਪਨੀ ਉਸ ਥਾਂ ’ਤੇ ਇਕ ਰਿਹਾਇਸ਼ੀ ਯੋਜਨਾ ਵਿਕਸਿਤ ਕਰਨ ਦੀ ਨੋਇਡਾ ਅਥਾਰਿਟੀ ਦੇ ਸਾਹਮਣੇ ਇਕ ਪ੍ਰਸਤਾਵ ਰੱਖੇਗੀ। ਇਸ ਦੇ ਨਾਲ ਹੀ ਲੋੜ ਪੈਣ ’ਤੇ ਕੰਪਨੀ ਐਮਰਾਲਡ ਕੋਰਟ ਕੰਪਲੈਕਸ ਦੇ ਰੈਜੀਡੈਂਟ ਵੈੱਲਫੇਅਰ ਐਸੋਸੀਏਸ਼ਨ (ਆਰ. ਡਬਲਯੂ. ਏ.) ਦੀ ਸਹਿਮਤੀ ਵੀ ਲਵੇਗੀ।

ਇਹ ਵੀ ਪੜ੍ਹੋ : ਦੇਸ਼ 'ਚ ਘਟਿਆ ਚੀਨੀ ਵਸਤੂਆਂ ਦਾ ਰੁਝਾਨ, ਭਾਰਤ ਦੇਵੇਗਾ ਡਰੈਗਨ ਨੂੰ 75 ਹਜ਼ਾਰ ਕਰੋੜ ਦਾ ਝਟਕਾ!

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur