ਕੰਪਨੀ ਛੇਤੀ ਕਰੇਗੀ ਬਕਾਇਆ ਰਾਸ਼ੀ ਦਾ ਭੁਗਤਾਨ : ਸੁਨੀਲ ਮਿੱਤਲ

02/21/2020 12:36:02 AM

ਨਵੀਂ ਦਿੱਲੀ (ਭਾਸ਼ਾ)-ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਨੇ ਦੂਰਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨਾਲ ਮੁਲਾਕਾਤ ਕੀਤੀ ਅਤੇ ਦੂਰਸੰਚਾਰ ਖੇਤਰ ਦੇ ਟੈਕਸ ਅਤੇ ਫੀਸਾਂ ’ਚ ਕਟੌਤੀ ਦੀ ਮੰਗ ਕੀਤੀ। ਮਿੱਤਲ ਨੇ ਇਹ ਵੀ ਕਿਹਾ ਕਿ ਏਅਰਟੈੱਲ ਐਡਜਸਟਿਡ ਗ੍ਰਾਸ ਰੈਵੇਨਿਊ (ਏ. ਜੀ. ਆਰ.) ਬਕਾਏ ’ਤੇ ਸੁਪਰੀਮ ਕੋਰਟ ਦੇ ਫੈਸਲੇ ਦੀ ਪਾਲਣਾ ਨੂੰ ਲੈ ਕੇ ਵਚਨਬੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੰਪਨੀ ਬਕਾਇਆ ਰਾਸ਼ੀ ਦਾ ਭੁਗਤਾਨ ਛੇਤੀ ਕਰੇਗੀ। ਉਨ੍ਹਾਂ ਕਿਹਾ, ‘‘ਉਦਯੋਗ ਲਈ ਏ. ਜੀ. ਆਰ. ਦਾ ਮਾਮਲਾ ਅਚਨਚੇਤ ਸੰਕਟ ਹੈ। ਸਰਕਾਰ ਨਾਲ ਮਿਲ ਕੇ ਇਸ ਨਾਲ ਨਜਿੱਠਿਆ ਜਾ ਰਿਹਾ ਹੈ।’’ਮਿੱਤਲ ਨੇ ਕਿਹਾ ਕਿ ਉਦਯੋਗ ’ਤੇ ਇਸ ਸਮੇਂ ਉੱਚੀ ਦਰ ਨਾਲ ਟੈਕਸ ਲਾਇਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਖੇਤਰ ਦੇ ਟੈਕਸਾਂ ਅਤੇ ਫੀਸਾਂ ’ਚ ਕਟੌਤੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਏਅਰਟੈੱਲ ਕੋਲ ਭੁਗਤਾਨ ਲਈ 17 ਮਾਰਚ ਤੱਕ ਦਾ ਸਮਾਂ ਹੈ। ਓਧਰ ਸਾਖ ਨਿਰਧਾਰਣ ਏਜੰਸੀ ਫਿਚ ਰੇਟਿੰਗਸ ਨੇ ਭਾਰਤੀ ਏਅਰਟੈੱਲ ਨੂੰ ਨਾਂ-ਪੱਖੀ ਨਿਗਰਾਨੀ ਸੂਚੀ ਤੋਂ ਹਟਾ ਦਿੱਤਾ ਅਤੇ ਸਥਿਰ ਸਿਨੇਰਿਓ ਦੇ ਨਾਲ ਉਸ ਦੀ ‘ਬੀ ਬੀ ਬੀ-’ ਰੇਟਿੰਗ ਨੂੰ ਬਰਕਰਾਰ ਰੱਖਿਆ ਹੈ।

Karan Kumar

This news is Content Editor Karan Kumar