ਰਸੋਈ ਦਾ ਬਜਟ ਵਿਗਾੜਣਗੇ ਖੰਡ, ਪੱਤੀ ਤੇ ਦੁੱਧ, ਟਮਾਟਰ ਵੀ ਹੋਏ ਹੋਰ ਲਾਲ

12/07/2020 8:37:20 PM

ਨਵੀਂ ਦਿੱਲੀ— ਰਸੋਈ ਦਾ ਬਜਟ ਸਬਜ਼ੀਆਂ ਤੇ ਦਾਲਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਪਹਿਲਾਂ ਹੀ ਵਿਗੜ ਚੁੱਕਾ ਹੈ, ਹੁਣ ਖੰਡ, ਦੁੱਧ ਤੇ ਚਾਹ ਇਸ ਨੂੰ ਬਦਹਾਲ ਕਰ ਰਹੇ ਹਨ। ਚਾਹ ਦੀ ਚੁਸਕੀ ਹੁਣ ਪਹਿਲਾਂ ਨਾਲੋਂ ਮਹਿੰਗੀ ਪਵੇਗੀ। ਪਿਛਲੇ ਇਕ ਹਫਤੇ 'ਚ ਖੰਡ ਕੀਮਤਾਂ 'ਚ 9.32 ਫੀਸਦੀ ਦਾ ਉਛਾਲ ਆਇਆ ਹੈ। ਖਪਤਕਾਰ ਮੰਤਰਾਲਾ ਦੀ ਵੈੱਬਸਾਈਟ 'ਤੇ ਦਿੱਤੇ ਗਏ ਅੰਕੜਿਆਂ ਮੁਤਾਬਕ 30 ਨਵੰਬਰ ਨੂੰ ਦੇਸ਼ ਦੇ ਪ੍ਰਚੂਨ ਬਾਜ਼ਾਰਾਂ 'ਚ ਖੰਡ ਦਾ ਔਸਤ ਮੁੱਲ 39.68 ਰੁਪਏ ਪ੍ਰਤੀ ਕਿਲੋ ਸੀ ਜੋ ਅੱਜ ਯਾਨੀ 7 ਦਸੰਬਰ ਨੂੰ ਵੱਧ ਕੇ 43 ਰੁਪਏ 38 ਪੈਸੇ ਹੋ ਗਿਆ ਹੈ। ਉੱਥੇ ਹੀ ਦੁੱਧ ਵੀ ਤਕਰੀਬਨ 7 ਫ਼ੀਸਦੀ ਦੀ ਤੇਜ਼ੀ ਨਾਲ 46.74 ਰੁਪਏ ਤੋਂ 50 ਰੁਪਏ ਪ੍ਰਤੀ ਲਿਟਰ ਪਹੁੰਚ ਗਿਆ ਹੈ। ਇਸ ਦੌਰਾਨ ਚਾਹਪੱਤੀ 'ਚ 11.57 ਫ਼ੀਸਦੀ ਦੀ ਬੜ੍ਹਤ ਦਰਜ ਹੋਈ ਹੈ, 238.42 ਰੁਪਏ ਕਿਲੋ ਤੋਂ ਇਹ 266 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ ਹੈ।

ਇਸ ਇਕ ਹਫ਼ਤੇ 'ਚ ਜ਼ਿਆਦਾਤਰ ਖਾਣ ਵਾਲੇ ਤੇਲਾਂ 'ਚ ਗਿਰਾਵਟ ਦੇਖੀ ਗਈ। ਪੈਕ ਪਾਮ ਤੇਲ 102 ਰੁਪਏ ਤੋਂ 92 ਰੁਪਏ, ਸੂਰਜਮੁਖੀ ਤੇਲ 124 ਤੋਂ 123, ਮੂੰਗਫਲੀ ਤੇਲ 156 ਅਤੇ ਸਰੋਂ ਤੇਲ ਵੀ 135 ਤੋਂ 132 ਰੁਪਏ ਪ੍ਰਤੀ ਲਿਟਰ 'ਤੇ ਆ ਗਿਆ ਹੈ। ਸਿਰਫ਼ ਸੋਇਆ ਤੇਲ ਦੀਆਂ ਕੀਮਤਾਂ 'ਚ 6 ਫ਼ੀਸਦੀ ਦਾ ਉਛਾਲ ਦੇਖਿਆ ਜਾ ਰਿਹਾ ਹੈ, ਜੋ 106 ਤੋਂ 113 ਰੁਪਏ 'ਤੇ ਪਹੁੰਚ ਗਈ ਹੈ।

ਮੰਤਰਾਲਾ ਦੀ ਵੈੱਬਸਾਈਟ 'ਤੇ ਦਿੱਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਕਣਕ ਦੇ ਮੁੱਲ 'ਚ 19.45 ਫ਼ੀਸਦੀ ਦੀ ਗਿਰਾਵਟ ਆਈ ਹੈ। ਇਸ ਨਾਲ ਕਣਕ ਸਸਤੀ ਹੋ ਕੇ 29.97 ਰੁਪਏ ਪ੍ਰਤੀ ਕਿਲੋ ਤੋਂ 24.14 ਰੁਪਏ 'ਤੇ ਆ ਗਈ ਹੈ। ਉੱਥੇ ਹੀ, ਪ੍ਰਚੂਨ ਬਾਜ਼ਾਰ 'ਚ ਆਟਾ ਵੀ 32.51 ਰੁਪਏ ਪ੍ਰਤੀ ਕਿਲੋ ਤੋਂ 28 ਰੁਪਏ ਤੱਕ ਆ ਚੁੱਕਾ ਹੈ। ਚੌਲਾਂ ਦੇ ਮੁੱਲ 'ਚ ਵੀ ਗਿਰਾਵਟ ਆਈ ਹੈ। ਚਨਾ ਅਤੇ ਮਾਂਹ ਦੀ ਦਾਲ ਵੀ ਸਸਤੇ ਹੋਏ ਹਨ ਪਰ ਅਰਹਰ, ਮੂੰਗੀ ਅਤੇ ਮਸਰ ਦੀ ਦਾਲ ਮਹਿੰਗੀ ਹੋਈ ਹੈ।

ਵਿਆਹਾਂ ਦੇ ਮੌਸਮ 'ਚ ਟਮਾਟਰ ਹੋਇਆ ਹੋਰ ਲਾਲ-


ਵਿਆਹ-ਸ਼ਾਦੀ ਦੇ ਮੌਸਮ 'ਚ ਟਮਾਟਰ ਦੀ ਮੰਗ ਵਧਣ ਨਾਲ ਇਸ ਦੀਆਂ ਕੀਮਤਾਂ 'ਚ ਇਸ ਹਫ਼ਤੇ ਸਭ ਤੋਂ ਜ਼ਿਆਦਾ ਉਛਾਲ ਆਇਆ ਹੈ। 30 ਨਵੰਬਰ ਦੀ ਤੁਲਨਾ 'ਚ 7 ਦਸੰਬਰ ਨੂੰ ਟਮਾਟਰ 37.87 ਫ਼ੀਸਦੀ ਮਹਿੰਗਾ ਹੈ। ਅੱਜ ਟਮਾਟਰ ਦਾ ਔਸਤ ਮੁੱਲ 49.88 ਰੁਪਏ ਪ੍ਰਤੀ ਕਿਲੋ ਹੈ, ਜੋ 30 ਨਵੰਬਰ ਨੂੰ 36.18 ਰੁਪਏ ਸੀ। ਹਾਲਾਂਕਿ, ਆਲੂ-ਪਿਆਜ਼ ਦੀਆਂ ਕੀਮਤਾਂ 'ਚ ਨਰਮੀ ਦੇਖਣ ਨੂੰ ਮਿਲ ਰਹੀ ਹੈ। ਇਸ ਮਿਆਦ 'ਚ ਆਲੂ 4.17 ਫ਼ੀਸਦੀ ਸਸਤਾ ਹੋ ਕੇ 46.31 ਰੁਪਏ ਪ੍ਰਤੀ ਕਿਲੋ ਤੋਂ 44.38 ਰੁਪਏ 'ਤੇ ਆ ਗਿਆ ਹੈ, ਜਦੋਂ ਕਿ ਪਿਆਜ਼ 4.36 ਫ਼ੀਸਦੀ ਡਿੱਗ ਕੇ 55.03 ਰੁਪਏ ਤੋਂ 52.63 ਰੁਪਏ 'ਤੇ ਆ ਚੁੱਕਾ ਹੈ।

Sanjeev

This news is Content Editor Sanjeev