ਏਸ਼ੀਆਈ ਬਾਜ਼ਾਰ ਮਿਲੇ-ਜੁਲੇ, SGX ਨਿਫਟੀ 'ਚ ਦੂਜੇ ਦਿਨ ਵੀ ਹਲਕੀ ਤੇਜ਼ੀ

06/25/2019 8:13:33 AM

ਨਵੀਂ ਦਿੱਲੀ— ਮੰਗਲਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਕਾਰੋਬਾਰ ਮਿਲੇ-ਜੁਲੇ ਦੇਖਣ ਨੂੰ ਮਿਲੇ ਹਨ। ਸ਼ੁੱਕਰਵਾਰ ਨੂੰ ਜਪਾਨ ਦੇ ਓਸਾਕਾ 'ਚ ਜੀ-20 ਸ਼ਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਵਿਚਕਾਰ ਹੋਣ ਵਾਲੀ ਬੈਠਕ 'ਤੇ ਨਜ਼ਰਾਂ ਲਾਈ ਬੈਠੇ ਨਿਵੇਸ਼ਕ ਸਾਵਧਾਨੀ ਨਾਲ ਪੈਰ ਪੁੱਟ ਰਹੇ ਹਨ।

 


ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਲਾਲ ਨਿਸ਼ਾਨ 'ਚ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਹੈਂਗ ਸੇਂਗ ਤੇ ਜਪਾਨ ਦਾ ਨਿੱਕੇਈ ਵੀ ਗਿਰਾਵਟ 'ਚ ਹਨ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ ਤੇ ਐੱਸ. ਜੀ. ਐਕਸ. ਨਿਫਟੀ ਹਲਕੀ ਬੜ੍ਹਤ 'ਚ ਹਨ।

ਬਾਜ਼ਾਰਾਂ 'ਤੇ ਨਜ਼ਰ ਮਾਰੀਏ ਤਾਂ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜਿਟ 0.7 ਫੀਸਦੀ ਦੀ ਗਿਰਾਵਟ ਨਾਲ 2,986 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਇਲਾਵਾ ਐੱਸ. ਜੀ. ਐਕਸ. ਨਿਫਟੀ 5.50 ਅੰਕ ਯਾਨੀ 0.05 ਫੀਸਦੀ ਦੀ ਤੇਜ਼ੀ ਨਾਲ 11,722 'ਤੇ ਕਾਰੋਬਾਰ ਕਰ ਰਿਹਾ ਹੈ।
ਜਪਾਨ ਦਾ ਨਿੱਕੇਈ 72 ਅੰਕ ਯਾਨੀ 0.3 ਫੀਸਦੀ ਦੀ ਗਿਰਾਵਟ ਨਾਲ 21,213 ਦੇ ਪੱਧਰ 'ਤੇ ਹੈ। ਹਾਂਗਕਾਂਗ ਦਾ ਹੈਂਗ ਸੈਂਗ 200 ਅੰਕ ਦੀ ਕਮਜ਼ੋਰੀ ਨਾਲ 28,310 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦੇ ਇੰਡੈਕਸ ਕੋਸਪੀ 'ਚ 0.3 ਫੀਸਦੀ ਦੀ ਹਲਕੀ ਤੇਜ਼ੀ ਹੈ, ਇਹ 2,132 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 0.2 ਅੰਕ ਦੀ ਮਜਬੂਤੀ ਨਾਲ 3,318 'ਤੇ ਕਾਰੋਬਾਰ ਕਰ ਰਿਹਾ ਹੈ।