SGX ਨਿਫਟੀ 11,700 ਤੋਂ ਥੱਲ੍ਹੇ, ਨਿੱਕੇਈ ਤੇ ਸ਼ੰਘਾਈ ''ਚ ਵੀ ਸੁਸਤੀ

07/18/2019 8:44:48 AM

ਨਵੀਂ ਦਿੱਲੀ— ਵਪਾਰ ਯੁੱਧ ਜਾਰੀ ਰਹਿਣ ਦੀ ਚਿੰਤਾ ਕਾਰਨ ਵੀਰਵਾਰ ਨੂੰ ਚੀਨ ਦਾ ਪ੍ਰਮੁੱਖ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਲਾਲ ਨਿਸ਼ਾਨ 'ਚ ਕਾਰੋਬਾਰ ਕਰ ਰਿਹਾ ਹੈ। ਖਬਰਾਂ ਹਨ ਕਿ ਹੁਵਾਈ 'ਤੇ ਪਾਬੰਦੀ ਕਾਰਨ ਚੀਨ ਤੇ ਅਮਰੀਕਾ ਵਿਚਕਾਰ ਗੱਲਬਾਤ ਰੁਕ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਹਾਲ ਹੀ 'ਚ ਇਹ ਚਿਤਾਵਨੀ ਦੇ ਚੁੱਕੇ ਹਨ ਕਿ ਚੀਨ ਨਾਲ ਵਪਾਰ 'ਤੇ ਗੱਲਬਾਤ ਨੂੰ ਲੈ ਕੇ ਉਹ ਕਾਹਲੇ ਨਹੀਂ ਹਨ ਅਤੇ ਜੇਕਰ ਅਮਰੀਕਾ ਚਾਹੇ ਤਾਂ 350 ਅਰਬ ਡਾਲਰ ਦੇ ਬਾਕੀ ਚੀਨੀ ਇੰਪੋਰਟਡ ਮਾਲ 'ਤੇ ਵੀ ਟੈਰਿਫ ਲਾ ਸਕਦਾ ਹੈ।
 

 

 

ਸਵੇਰ ਨੂੰ ਕਾਰੋਬਾਰ ਦੌਰਾਨ ਸ਼ੰਘਾਈ ਕੰਪੋਜਿਟ 'ਚ 0.54 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਤੇ 2,915 ਦੇ ਪੱਧਰ 'ਤੇ ਦੇਖਣ ਨੂੰ ਮਿਲਿਆ। ਇਸ ਦੇ ਇਲਾਵਾ ਐੱਸ. ਜੀ. ਐਕਸ. ਨਿਫਟੀ ਵੀ 17.5 ਅੰਕ ਯਾਨੀ 0.15 ਫੀਸਦੀ ਦੀ ਕਮਜ਼ੋਰੀ ਨਾਲ 11,656 'ਤੇ ਕਾਰੋਬਾਰ ਕਰ ਰਿਹਾ ਹੈ।
ਜਪਾਨ ਦਾ ਨਿੱਕੇਈ 343 ਅੰਕ ਯਾਨੀ 1.6 ਫੀਸਦੀ ਦੀ ਗਿਰਾਵਟ ਨਾਲ 21,126 ਦੇ ਪੱਧਰ 'ਤੇ ਹੈ। ਹਾਂਗਕਾਂਗ ਦਾ ਹੈਂਗ ਸੈਂਗ 121 ਅੰਕ ਯਾਨੀ 0.4 ਫੀਸਦੀ ਡਿੱਗ ਕੇ 28,471 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 0.53 ਫੀਸਦੀ ਦੀ ਗਿਰਾਵਟ ਨਾਲ 2,066 'ਤੇ ਕਾਰੋਬਾਰ ਕਰ ਰਿਹਾ ਹੈ। ਸੁਸਤ ਗਲੋਬਲ ਗ੍ਰੋਥ ਦੀ ਚਿੰਤਾ ਵਿਚਕਾਰ ਕੋਰੀਆ ਬੈਂਕ ਨੇ 2016 ਤੋਂ ਬਾਅਦ ਪਹਿਲੀ ਵਾਰ ਵਿਆਜ ਦਰਾਂ 'ਚ 0.25 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 5.08 ਅੰਕ ਯਾਨੀ 0.15 ਫੀਸਦੀ ਦੀ ਗਿਰਾਵਟ 'ਚ 3,359 'ਤੇ ਕਾਰੋਬਾਰ ਕਰ ਰਿਹਾ ਹੈ।