ਸਟਾਕ ਮਾਰਕੀਟ ਵਿਚ ਅੱਜ ਛੁੱਟੀ, ਬੁੱਧਵਾਰ ਨੂੰ ਖੁੱਲ੍ਹਣਗੇ ਬਾਜ਼ਾਰ

09/10/2019 8:03:59 AM

ਮੁੰਬਈ— ਮੰਗਲਵਾਰ ਨੂੰ ਮੁਹੱਰਮ ਦੀ ਛੁੱਟੀ ਕਾਰਨ ਬਾਜ਼ਾਰ 'ਚ ਚਾਰ ਦਿਨ ਹੀ ਕਾਰੋਬਾਰ ਹੋਵੇਗਾ।ਇਸ ਹਫਤੇ ਪ੍ਰਚੂਨ ਅਤੇ ਥੋਕ ਮਹਿੰਗਾਈ, ਉਦਯੋਗਿਕ ਉਤਪਾਦਨ ਤੇ ਬਰਾਮਦ-ਦਰਾਮਦ ਦੇ ਅੰਕੜੇ ਜਾਰੀ ਹੋਣ ਵਾਲੇ ਹਨ।ਨਿਵੇਸ਼ਕਾਂ ਦੀ ਨਜ਼ਰ ਇਨ੍ਹਾਂ ਸਾਰੇ ਅੰਕੜਿਆਂ 'ਤੇ ਜ਼ਰੂਰ ਰਹੇਗੀ।ਇਸ ਦੇ ਨਾਲ ਹੀ ਵਿਦੇਸ਼ੀ ਬਾਜ਼ਾਰਾਂ ਦਾ ਅਸਰ ਵੀ ਸਥਾਨਕ ਬਾਜ਼ਾਰ 'ਤੇ ਦਿਸੇਗਾ।ਸੋਮਵਾਰ ਬੀ. ਐੱਸ. ਈ. ਦਾ ਸੈਂਸੈਕਸ 163.68 ਅੰਕ ਯਾਨੀ 0.44 ਫੀਸਦੀ ਚੜ੍ਹ ਕੇ 37145.45 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 56.85 ਅੰਕ ਯਾਨੀ 0.52 ਫ਼ੀਸਦੀ ਦੀ ਮਜਬੂਤੀ ਨਾਲ 11003.05 'ਤੇ ਜਾ ਪੁੱਜਾ।

 


ਪਿਛਲੇ ਹਫਤੇ ਵੀ ਬਾਜ਼ਾਰ ਚਾਰ ਦਿਨ ਹੀ ਖੁੱਲ੍ਹਾ ਸੀ ਕਿਉਂਕਿ ਸੋਮਵਾਰ ਗਣੇਸ਼ ਚਤੁਰਥੀ 'ਤੇ ਛੁੱਟੀ ਰਹੀ ਸੀ। ਇਸ ਮਗਰੋਂ ਮੰਗਲਵਾਰ ਤੇ ਵੀਰਵਾਰ ਨੂੰ ਗਿਰਾਵਟ ਰਹੀ, ਜਦੋਂ ਕਿ ਬਾਕੀ ਦੋ ਦਿਨ ਵਾਧੇ ਦੇ ਰਹੇ।

ਬਾਜ਼ਾਰ 'ਚ ਸਭ ਤੋਂ ਵੱਡੀ ਗਿਰਾਵਟ ਮੰਗਲਵਾਰ ਨੂੰ ਦਰਜ ਕੀਤੀ ਗਈ, ਕਮਜ਼ੋਰ ਆਰਥਿਕ ਅੰਕੜਿਆਂ ਦੇ ਦਬਾਅ ਕਾਰਨ ਨਿਵੇਸ਼ਕਾਂ ਦਾ ਵਿਸ਼ਵਾਸ ਟੁੱਟਣ ਨਾਲ ਘਰੇਲੂ ਸ਼ੇਅਰ ਬਾਜ਼ਾਰ 'ਚ ਹਾਹਾਕਾਰ ਮਚ ਗਈ ਸੀ ਅਤੇ ਚੌਤਰਫਾ ਵਿਕਵਾਲੀ ਵਿਚਕਾਰ ਸੈਂਸੈਕਸ 769.88 ਅੰਕ ਯਾਨੀ 2.06 ਫ਼ੀਸਦੀ ਦਾ ਗੋਤਾ ਲਾ ਕੇ 36,562.91 'ਤੇ ਬੰਦ ਹੋਇਆ ਸੀ, ਜੋ ਬਜਟ ਮਗਰੋਂ 8 ਜੁਲਾਈ ਨੂੰ ਦਰਜ ਹੋਈ 792.82 ਅੰਕ ਦੀ ਵੱਡੀ ਕਮਜ਼ੋਰੀ ਤੋਂ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ ਸੀ।ਨਿਫਟੀ ਵੀ 225.35 ਅੰਕ ਯਾਨੀ 2.04 ਫੀਸਦੀ ਡਿੱਗਾ ਸੀ।