ਤਾਲਾਬੰਦੀ ਕਾਰਨ ਸੂਬਿਆਂ ਦੀ GDP 14 ਫੀਸਦੀ ਤੱਕ ਘਟਣ ਦਾ ਖਦਸ਼ਾ : ਰਿਪੋਰਟ

06/29/2020 5:50:03 PM

ਮੁੰਬਈ : ਕੋਰੋਨਾ ਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਏ ਗਏ ਲਾਕਡਾਊਨ ਦਾ ਅਸਰ ਮੌਜੂਦਾ ਵਿੱਤੀ ਸਾਲ ਦੌਰਾਨ ਸੂਬਿਆਂ ਦੀ ਜੀ. ਡੀ. ਪੀ. 'ਤੇ ਦਿਸ ਸਕਦਾ ਹੈ। 

ਇਸ ਮਿਆਦ ਦੌਰਾਨ ਆਰਥਿਕ ਗਤੀਵਿਧੀਆਂ ਦੇ ਰੁਕਣ ਕਾਰਨ ਸੂਬਿਆਂ ਦੀ ਜੀ. ਡੀ. ਪੀ. 14.3 ਫੀਸਦੀ ਤੱਕ ਘੱਟ ਸਕਦੀ ਹੈ। ਇੰਡੀਆ ਰੇਟਿੰਗਜ਼ ਐਂਡ ਰਿਸਰਚ ਵੱਲੋਂ ਸੋਮਵਾਰ ਨੂੰ ਇਸ ਸਬੰਧੀ ਜਾਰੀ ਕੀਤੀ ਗਈ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਸਾਮ, ਗੋਆ, ਗੁਜਰਾਤ ਅਤੇ ਸਿੱਕਮ ਵਰਗੇ ਸੂਬਿਆਂ ਦੀ ਜੀ. ਡੀ. ਪੀ. ਵਿਚ ਦੋਹਰੇ ਅੰਕਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। 

ਰਿਪੋਰਟ ਵਿਚ ਕਿਹਾ ਗਿਆ ਹੈ, "ਸਾਡਾ ਮੰਨਣਾ ਹੈ ਕਿ ਸੂਬਿਆਂ ਦੀ ਜੀ. ਡੀ. ਪੀ. ਵਿਚ ਵਿੱਤੀ ਸਾਲ 2020-21 ਵਿਚ ਗਿਰਾਵਟ ਰਹੇਗੀ। ਇਹ ਗਿਰਾਵਟ 1.4 ਫੀਸਦੀ ਤੋਂ 14.3 ਫੀਸਦੀ ਤੱਕ ਹੋ ਸਕਦੀ ਹੈ।"
ਇਸ ਵਿਚ ਕਿਹਾ ਗਿਆ ਹੈ ਕਿ ਕਰਨਾਟਕ, ਝਾਰਖੰਡ, ਤਾਮਿਲਨਾਡੂ, ਕੇਰਲ ਅਤੇ ਓਡੀਸ਼ਾ ਦੀ ਜੀ. ਡੀ. ਪੀ. 'ਤੇ ਤਾਲਾਬੰਦੀ ਦਾ ਸਭ ਤੋਂ ਗਹਿਰਾ ਪ੍ਰਭਾਵ ਹੋ ਸਕਦਾ ਹੈ। ਇਸ ਦੇ ਨਾਲ ਹੀ ਮੱਧ ਪ੍ਰਦੇਸ਼, ਪੰਜਾਬ, ਬਿਹਾਰ, ਆਂਧਰਾ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਉਹ ਪੰਜ ਵੱਡੇ ਸੂਬੇ ਹੋਣਗੇ ਜਿੱਥੇ ਇਸ ਦਾ ਪ੍ਰਭਾਵ ਘੱਟ ਰਹਿ ਸਕਦਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ 25 ਮਾਰਚ 2020 ਨੂੰ ਦੇਸ਼ ਵਿਚ ਪੂਰੀ ਤਰ੍ਹਾਂ ਲਾਕਡਾਊਨ ਲਾਗੂ ਕੀਤਾ ਗਿਆ ਸੀ। ਹਾਲਾਂਕਿ, ਇਸ ਮਿਆਦ ਦੌਰਾਨ ਜ਼ਰੂਰੀ ਸੇਵਾਵਾਂ ਨਾਲ ਸਬੰਧਤ ਗਤੀਵਿਧੀਆਂ ਜਾਰੀ ਰੱਖੀਆਂ ਗਈਆਂ ਸਨ।
 

Sanjeev

This news is Content Editor Sanjeev