ਸਪਾਈਸਜੈੱਟ ਨੇ ਮਾਰਚ ਦੇ ਅੰਤ ਤੋਂ 20 ਨਵੀਆਂ ਘਰੇਲੂ ਉਡਾਣਾਂ ਸ਼ੁਰੂ ਕਰਨ ਦਾ ਕੀਤਾ ਐਲਾਨ

02/19/2020 7:32:28 PM

ਮੁੰਬਈ (ਭਾਸ਼ਾ)-ਹਵਾਬਾਜ਼ੀ ਕੰਪਨੀ ਸਪਾਈਸਜੈੱਟ ਨੇ ਕਿਹਾ ਕਿ ਉਹ ਘਰੇਲੂ ਮਾਰਗਾਂ ’ਤੇ ਅਗਲੇ ਮਹੀਨੇ ਦੇ ਅੰਤ ਤੋਂ 20 ਨਵੀਆਂ ਉਡਾਣਾਂ ਦੀ ਸ਼ੁਰੂਆਤ ਕਰੇਗੀ। ਇਨ੍ਹਾਂ ’ਚ ਕੁਝ ਉਡਾਣਾਂ ਖੇਤਰੀ ਸੰਪਰਕ ਯੋਜਨਾ ‘ਉਡਾਣ’ ਤਹਿਤ ਵੀ ਹੋਣਗੀਆਂ। ਕੰਪਨੀ ਨੇ ਕਿਹਾ ਕਿ ਇਨ੍ਹਾਂ ਉਡਾਣਾਂ ਦੀ ਸ਼ੁਰੂਆਤ 29 ਮਾਰਚ ਤੋਂ ਹੋਵੇਗੀ। ਇਨ੍ਹਾਂ ’ਚ ਪਟਨਾ-ਅੰਮ੍ਰਿਤਸਰ, ਪਟਨਾ-ਵਾਰਾਣਸੀ, ਪਟਨਾ-ਗੁਹਾਟੀ, ਹੈਦਰਾਬਾਦ-ਮੰਗਲੁਰੂ, ਬੇਂਗਲੁਰੂ-ਜਬਲਪੁਰ ਅਤੇ ਮੁੰਬਈ-ਔਰੰਗਾਬਾਦ ਦੀਆਂ ਉਡਾਣਾਂ ਸ਼ਾਮਲ ਹੋਣਗੀਆਂ। ਇਹ ਉਡਾਣਾਂ ਰੋਜ਼ਾਨਾ ਸੰਚਾਲਿਤ ਹੋਣਗੀਆਂ। ਇਨ੍ਹਾਂ ਦਾ ਸੰਚਾਲਨ ਬੋਇੰਗ 737-800 ਅਤੇ ਬੰਬਾਰਡੀਅਰ ਕਿਊ400 ਜਹਾਜ਼ਾਂ ਨਾਲ ਕੀਤਾ ਜਾਵੇਗਾ। ਕੰਪਨੀ ਨੇ ਕਿਹਾ ਕਿ ਇਨ੍ਹਾਂ ਉਡਾਣਾਂ ਨਾਲ ਪ੍ਰਮੁੱਖ ਵੱਡੇ ਸ਼ਹਿਰਾਂ ਅਤੇ ਛੋਟੇ ਸ਼ਹਿਰਾਂ ਵਿਚਾਲੇ ਦਾ ਸੰਪਰਕ ਬਿਹਤਰ ਹੋਵੇਗਾ।

ਕੰਪਨੀ ਦੀ ਮੁੱਖ ਵਪਾਰਕ ਅਧਿਕਾਰੀ ਸ਼ਿਲਪਾ ਭਾਟੀਆ ਨੇ ਕਿਹਾ,‘‘ਅਸੀਂ 20 ਨਵੀਆਂ ਘਰੇਲੂ ਉਡਾਣਾਂ ਦਾ ਐਲਾਨ ਕਰ ਕੇ ਉਤਸ਼ਾਹਿਤ ਹਾਂ। ਨਵੇਂ ਸ਼ਹਿਰਾਂ ਅਤੇ ਨਵੀਆਂ ਉਡਾਣਾਂ ਨੂੰ ਆਪਣੇ ਨੈੱਟਵਰਕ ’ਚ ਸ਼ਾਮਲ ਕਰ ਕੇ ਸਾਡਾ ਧਿਆਨ ਵੱਡੇ ਸ਼ਹਿਰਾਂ ਦੇ ਨਾਲ ਛੋਟੇ ਸ਼ਹਿਰਾਂ ਦਾ ਸੰਪਰਕ ਬਿਹਤਰ ਕਰਨ ਅਤੇ ਉਨ੍ਹਾਂ ਇਲਾਕਿਆਂ ਨੂੰ ਜੋੜਨ ’ਤੇ ਮਜ਼ਬੂਤੀ ਨਾਲ ਬਣਿਆ ਹੋਇਆ ਹੈ, ਜਿੱਥੇ ਅਜੇ ਸੰਪਰਕ ਸਹੂਲਤ ਦੀ ਕਮੀ ਹੈ।’’

Karan Kumar

This news is Content Editor Karan Kumar