ਸਪਾਈਸ ਜੈੱਟ ਨੂੰ 73.22 ਕਰੋਡ਼ ਰੁਪਏ ਦਾ ਲਾਭ

02/14/2020 9:43:33 PM

ਨਵੀਂ ਦਿੱਲੀ (ਯੂ. ਐੱਨ. ਆਈ.)-ਸਸਤੀ ਜਹਾਜ਼ ਸੇਵਾ ਕੰਪਨੀ ਸਪਾਈਸ ਜੈੱਟ ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਵਧ ਕੇ 73 ਕਰੋਡ਼ ਰੁਪਏ ਤੋਂ ਪਾਰ ਪਹੁੰਚ ਗਿਆ। ਕੰਪਨੀ ਦੇ ਸ਼ੁੱਕਰਵਾਰ ਨੂੰ ਜਾਰੀ ਵਿੱਤੀ ਨਤੀਜਿਆਂ ਅਨੁਸਾਰ ਬੀਤੀ 31 ਦਸੰਬਰ ਨੂੰ ਖ਼ਤਮ ਤਿਮਾਹੀ ’ਚ ਉਸ ਨੇ 73.22 ਕਰੋਡ਼ ਰੁਪਏ ਦਾ ਸ਼ੁੱਧ ਲਾਭ ਕਮਾਇਆ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਦੇ 55.08 ਕਰੋਡ਼ ਰੁਪਏ ਦੇ ਮੁਕਾਬਲੇ 32.93 ਫ਼ੀਸਦੀ ਜ਼ਿਆਦਾ ਹੈ। ਇਸ ਦੌਰਾਨ ਉਸ ਦਾ ਕੁਲ ਮਾਲੀਆ ਵੀ 54.78 ਫੀਸਦੀ ਵਧ ਕੇ 3917.34 ਕਰੋਡ਼ ਰੁਪਏ ’ਤੇ ਪਹੁੰਚ ਗਿਆ।

ਸਪਾਈਸ ਜੈੱਟ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਜੇ ਸਿੰਘ ਨੇ ਕਿਹਾ ਕਿ ਇਸ ਤਿਮਾਹੀ ’ਚ ਕੰਪਨੀ ਦਾ ਪ੍ਰਦਰਸ਼ਨ ਕਾਫ਼ੀ ਬਿਹਤਰ ਰਿਹਾ ਹੈ। ਮੈਕਸ ਜਹਾਜ਼ਾਂ ਦੀ ਗਰਾਊਂਡਿੰਗ ਨਾਲ ਲਾਭ ਕਾਫ਼ੀ ਪ੍ਰਭਾਵਿਤ ਹੋਣ ਦੇ ਬਾਵਜੂਦ ਕੰਪਨੀ ਚੰਗਾ ਲਾਭ ਕਮਾਉਣ ’ਚ ਕਾਮਯਾਬ ਰਹੀ। ਉਨ੍ਹਾਂ ਕਿਹਾ ਕਿ ਮੈਕਸ ਜਹਾਜ਼ਾਂ ਦੇ ਇਸ ਸਾਲ ਜਨਵਰੀ ਤੋਂ ਦੁਬਾਰਾ ਸੰਚਾਲਨ ’ਚ ਆਉਣ ਦੀ ਉਮੀਦ ਸੀ ਪਰ ਹੁਣ ਇਸ ਦੇ ਲਈ ਇਸ ਸਾਲ ਦੇ ਅੱਧ ਤੱਕ ਇੰਤਜ਼ਾਰ ਕਰਨਾ ਪਵੇਗਾ। ਇਸ ਨਾਲ ਕੰਪਨੀ ਨੂੰ ਨੁਕਸਾਨ ਹੋ ਰਿਹਾ ਹੈ। ਕੰਪਨੀ ਨੇ ਦੱਸਿਆ ਕਿ ਸਮੀਖਿਆ ਅਧੀਨ ਤਿਮਾਹੀ ’ਚ ਉਸ ਦਾ ਕੁਲ ਖ਼ਰਚਾ ਵੀ 55.27 ਫੀਸਦੀ ਵਧ ਕੇ 3844.12 ਕਰੋਡ਼ ਰੁਪਏ ’ਤੇ ਪਹੁੰਚ ਗਿਆ।

Karan Kumar

This news is Content Editor Karan Kumar