FasTag ਨਾਲ ਟੋਲ 'ਤੇ ਘਟੇ ਜਾਮ, ਹੁਣ ਹਾਈਵੇਜ਼ ਤੋਂ ਹਟਣਗੇ ਸਪੀਡ ਬ੍ਰੇਕਰ

01/07/2020 3:09:53 PM

ਨਵੀਂ ਦਿੱਲੀ— ਜਲਦ ਹੀ ਹਾਈਵੇ 'ਤੇ ਗੱਡੀ ਬਿਲਕੁਲ ਮਲਾਈਦਾਰ ਚਲਾ ਸਕੋਗੇ। ਸਰਕਾਰ ਵੱਲੋਂ ਨੈਸ਼ਨਲ ਹਾਈਵੇਜ਼ 'ਤੇ ਨਿਰਵਿਘਨ ਤੇ ਮੁਸ਼ਕਲ ਰਹਿਤ ਟ੍ਰੈਫਿਕ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਰਾਸ਼ਟਰੀ ਰਾਜਮਾਰਗਾਂ 'ਤੇ ਹਰ ਤਰ੍ਹਾਂ ਦੇ ਸਪੀਡ ਬਰੇਕਰਾਂ ਨੂੰ ਹਟਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਸਰਕਾਰ ਦਾ ਕਹਿਣਾ ਹੈ ਕਿ ਟੋਲ ਪਲਾਜ਼ਿਆਂ 'ਤੇ ਫਾਸਟੈਗ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋਣ ਤੇ ਕੈਸ਼ ਟੋਲ ਲੇਨਾਂ ਨੂੰ ਫਾਸਟੈਗ ਲੇਨਾਂ 'ਚ ਤਬਦੀਲ ਕਰਨ ਨਾਲ ਹਾਈਵੇਜ਼ ਖਾਸ ਕਰਕੇ ਟੋਲ ਪਲਾਜ਼ਿਆਂ 'ਤੇ ਬਣੇ ਸਪੀਡ ਬਰੇਕਰਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਇਆ ਜਾ ਰਿਹਾ ਹੈ।
ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰਾਲਾ ਨੇ ਮੰਗਲਵਾਰ ਇਕ ਪ੍ਰੈੱਸ ਰਿਲੀਜ਼ 'ਚ ਕਿਹਾ ਕਿ ਰਾਸ਼ਟਰੀ ਰਾਜਮਾਰਗ ਬਿਨਾਂ ਕਿਸੇ ਰੁਕਾਵਟ ਦੇ ਸਫਰ ਪੂਰਾ ਕਰਨ ਲਈ ਤਿਆਰ ਕੀਤੇ ਗਏ ਹਨ। ਇਸ ਤੱਥ ਨੂੰ ਧਿਆਨ 'ਚ ਰੱਖਦੇ ਹੋਏ 'ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਦੇ ਰਾਜਮਾਰਗਾਂ ਤੋਂ ਸਪੀਡ ਬ੍ਰੇਕਰ ਹਟਾਏ ਜਾ ਰਹੇ ਹਨ।

ਟਰਾਂਸਪੋਰਟ ਮੰਤਰਾਲਾ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਸਮੇਂ ਅਤੇ ਪੈਸੇ ਦੋਹਾਂ ਦੀ ਬੱਚਤ ਹੋਵੇਗੀ, ਨਾਲ ਹੀ ਐਂਬੂਲੈਂਸਾਂ, ਬਜ਼ੁਰਗਾਂ ਤੇ ਬਿਮਾਰ ਲੋਕਾਂ ਦਾ ਸਫਰ ਅਰਾਮਦਾਇਕ ਹੋਵੇਗਾ। ਸਰਕਾਰ ਨੇ ਕਿਹਾ ਕਿ ਟੋਲ 'ਤੇ ਜਾਮ ਘਟਾਉਣ ਲਈ ਫਾਸਟੈਗ ਵਿਵਸਥਾ 15 ਦਸੰਬਰ ਤੋਂ ਲਾਗੂ ਕੀਤੀ ਗਈ ਹੈ। ਹੁਣ ਸਪੀਡ ਬ੍ਰੇਕਰ ਮੁਕਤ ਰਾਜਮਾਰਗਾਂ ਦੀ ਸ਼ੁਰੂਆਤ ਨਾਲ ਹਾਈਵੇਜ਼ 'ਤੇ ਯਾਤਰੀਆਂ ਨੂੰ ਸੁਰੱਖਿਅਤ, ਨਿਰਵਿਘਨ ਤੇ ਸਹਿਜ ਯਾਤਰਾ ਪ੍ਰਦਾਨ ਕਰਨ ਦੀ ਵਚਨਬੱਧਤਾ ਦਾ ਇਕ ਹੋਰ ਕਦਮ ਉਠਾਇਆ ਜਾ ਰਿਹਾ ਹੈ।