U.S. 'ਚ ਗਾਹਕਾਂ ਦੇ ਘਰ ਤਕ ਡਰੋਨ ਨਾਲ ਡਲਿਵਰੀ ਬਣਨ ਜਾ ਰਹੀ ਹੈ ਹਕੀਕਤ

10/26/2019 9:51:29 AM

ਵਾਸ਼ਿੰਗਟਨ—  ਗਾਹਕਾਂ ਦੇ ਦਰਵਾਜ਼ੇ ਤਕ ਡਰੋਨ ਨਾਲ ਡਲਿਵਰੀ ਹੁਣ ਸਿਰਫ ਕਲਪਨਾ ਹੀ ਨਹੀਂ ਰਹਿਣ ਵਾਲੀ। ਯੂ. ਐੱਸ. 'ਚ ਜਲਦ ਹੀ ਈ-ਕਾਮਰਸ ਖੇਤਰ ਦੀ ਦਿੱਗਜ ਕੰਪਨੀ ਐਮਾਜ਼ੋਨ ਡਰੋਨ ਨਾਲ ਸਮਾਨ ਦੀ ਡਲਿਵਰੀ ਸ਼ੁਰੂ ਕਰਨ ਲਈ ਪੱਬਾਂ ਭਾਰ ਹੈ। ਜਾਣਕਾਰੀ ਮੁਤਾਬਕ ਐਮਾਜ਼ੋਨ, ਐਲਫਾਬੇਟ ਦੀ ਵਿੰਗ ਅਤੇ ਉਬੇਰ ਨੇ ਅਮਰੀਕਾ 'ਚ ਡਰੋਨ ਨਾਲ ਡਲਿਵਰੀ ਦੇ ਟਰਾਇਲ ਸ਼ੁਰੂ ਕਰ ਦਿੱਤੇ ਹਨ।
ਵਿੰਗ ਨੇ ਇਸ ਮਹੀਨੇ ਕ੍ਰਿਸਟਿਨਸਬਰਗ 'ਚ ਟਰਾਇਲ ਸ਼ੁਰੂ ਕੀਤਾ ਹੈ, ਜਦੋਂ ਕਿ ਉਬੇਰ ਦਾ ਕਹਿਣਾ ਹੈ ਕਿ ਉਹ ਇਹ ਸਾਲ ਖਤਮ ਹੋਣ ਤੋਂ ਪਹਿਲਾਂ ਸੈਨ ਡਿਏਗੋ 'ਚ ਟਰਾਇਲ ਸ਼ੁਰੂ ਕਰੇਗੀ। ਹਾਲਾਂਕਿ, ਐਮਾਜ਼ੋਨ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਿੱਥੇ ਟਰਾਇਲ ਕਰਨ ਜਾ ਰਹੀ ਹੈ ਪਰ ਜੂਨ 'ਚ ਕੰਪਨੀ ਨੇ ਕਿਹਾ ਸੀ ਕਿ ਉਹ ਕੁਝ“ਮਹੀਨਿਆਂ ਅੰਦਰ”ਡਰੋਨ ਰਾਹੀਂ ਗਾਹਕਾਂ ਨੂੰ ਡਲਿਵਰੀ ਦੇਣਾ ਸ਼ੁਰੂ ਕਰ ਦੇਵੇਗੀ।

ਹਾਲਾਂਕਿ, ਅਮਰੀਕੀ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਤੋਂ ਵਪਾਰਕ ਮਕਸਦ ਲਈ ਮਨਜ਼ੂਰੀ ਲੈਣ ਤੋਂ ਪਹਿਲਾਂ ਐਮਾਜ਼ੋਨ, ਵਿੰਗ ਅਤੇ ਉਬੇਰ ਨੂੰ ਕਈ ਰੁਕਾਵਟਾਂ ਤੇ ਚਿੰਤਾਵਾਂ ਨੂੰ ਦੂਰ ਕਰਨਾ ਹੋਵੇਗਾ। ਇਨ੍ਹਾਂ 'ਚੋਂ ਇਕ ਚੁਣੌਤੀ ਲੈਂਡਿੰਗ ਦੀ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੁਰੱਖਿਆ ਲਈ ਕੁਝ ਉਪਾਅ ਕੀਤੇ ਹਨ। ਐਮਾਜ਼ੋਨ ਨੇ ਪੰਛੀਆਂ, ਤਾਰਾਂ ਤੇ ਹੋਰ ਰੁਕਾਵਟਾਂ ਦਾ ਪਤਾ ਲਗਾਉਣ ਲਈ ਮਸ਼ੀਨ ਲਰਨਿੰਗ ਐਲਗੋਰਦਿਮ ਤੇ ਇਨਫਰਾਰੈੱਡ ਸੈਂਸਰ ਦੀ ਵਰਤੋਂ ਕੀਤੀ ਹੈ। ਉੱਥੇ ਹੀ, ਮਾਹਰਾਂ ਦਾ ਮੰਨਣਾ ਹੈ ਕਿ ਡਰੋਨ ਨਾਲ ਘਰ ਤਕ ਡਲਿਵਰੀ ਦਾ ਰਸਤਾ ਅਸਾਨ ਨਹੀਂ ਹੈ ਕਿਉਂਕਿ ਫਿਲਹਾਲ ਇਸ ਗੱਲ ਦਾ ਕੋਈ ਮਾਪਦੰਡ ਮੌਜੂਦ ਨਹੀਂ ਹੈ ਕਿ ਇਕ ਹੀ ਖੇਤਰ 'ਚ ਕਈ ਕੰਪਨੀਆਂ ਦੇ ਡਰੋਨ ਹੋਣ 'ਤੇ ਇਹ ਹਵਾ 'ਚ ਇਕ-ਦੂਜੇ ਦੀ ਪਛਾਣ ਤੇ ਸੰਚਾਰ ਕਿਵੇਂ ਕਰਨਗੇ।