ਅੱਠਵੀਂ 'ਚ ਪੜ੍ਹਾਈ ਛੱਡ ਅਖਬਾਰ ਵੇਚ ਕੀਤੀ ਸੀ ਸ਼ੁਰੂਆਤ, ਫਿਰ ਖੜ੍ਹਾ ਕਰ ਦਿੱਤਾ ਅਰਬਾਂ ਦਾ ਕਾਰੋਬਾਰ!

05/28/2017 3:31:10 PM

ਨਵੀਂ ਦਿੱਲੀ— ਮਿਹਨਤ ਅਤੇ ਲਗਨ ਨਾਲ ਵਿਅਕਤੀ ਹਰ ਮੁਕਾਮ ਹਾਸਲ ਕਰ ਸਕਦਾ ਹੈ। ਕੈਲੀਫੋਰਨੀਆ ਦੇ ਇਕ ਗਰੀਬ ਪਰਿਵਾਰ 'ਚ ਜਨਮੇ ਕਿਰਕ ਕੇਰਕੋਰੀਅਨ ਵੀ ਉਨ੍ਹਾਂ ਲੋਕਾਂ 'ਚੋਂ ਸਨ, ਜਿਨ੍ਹਾਂ ਨੇ ਮਿਹਨਤ ਅਤੇ ਲਗਨ ਨਾਲ ਉੱਚਾ ਮੁਕਾਮ ਹਾਸਲ ਕੀਤਾ। 6 ਜੂਨ 1917 ਨੂੰ ਕੈਲੀਫੋਰਨੀਆ 'ਚ ਜਨਮੇ ਕਿਰਕ 9 ਸਾਲ ਦੀ ਉਮਰ 'ਚ ਹੀ ਕੰਮ ਕਰਨ ਲੱਗੇ ਸਨ। ਉਦੋਂ ਉਹ ਅਖਬਾਰ ਵੇਚਣ ਸਮੇਤ ਛੋਟੇ-ਮੋਟੇ ਕੰਮ ਕਰਦੇ ਸਨ। ਅੱਠਵੀਂ ਜਮਾਤ 'ਚ ਪੜ੍ਹਾਈ ਛੱਡ ਦਿੱਤੀ ਅਤੇ ਕੁਝ ਕੰਮ ਕਰਨ ਬਾਰੇ ਸੋਚਿਆ। ਇਸੇ ਕੋਸ਼ਿਸ਼ 'ਚ ਉਨ੍ਹਾਂ ਨੇ ਬਾਕਸਿੰਗ ਸਿਖੀ। ਪੇਸ਼ੇਵਰ ਬਾਕਸਰ ਬਣਨਾ ਚਾਹੁੰਦੇ ਸੀ, ਇਸ ਲਈ ਉਨ੍ਹਾਂ ਨੇ ਆਪਣਾ ਉਪ ਨਾਮ ਰਾਈਫਲ ਰਾਈਟ ਕੇਰਕੋਰੀਅਨ ਰੱਖ ਲਿਆ। ਉਨ੍ਹਾਂ ਨੇ ਇਸ ਪੇਸ਼ੇ ਨੂੰ ਗੰਭੀਰਤਾ ਨਾਲ ਲਿਆ ਅਤੇ ਬਾਕਸਿੰਗ 'ਚ 33 ਮੈਚ ਖੇਡੇ, ਜਿਨ੍ਹਾਂ 'ਚੋਂ 29 ਜਿੱਤੇ। 


ਕਿਰਕ ਦੇ ਜੀਵਨ ਦਾ ਸੰਘਰਸ਼ ਅਤੇ ਉਨ੍ਹਾਂ ਦਾ ਅਰਬਪਤੀ ਬਣਨਾ ਕਿਸੇ ਫਿਲਮੀ ਕਹਾਣੀ ਦੀ ਤਰ੍ਹਾਂ ਹੈ। ਕਿਰਕ ਨੂੰ ਜਦੋਂ ਫਲਾਇੰਗ 'ਚ ਦਿਲਚਸਪੀ ਹੋਈ ਤਾਂ ਬਾਕਸਿੰਗ ਛੱਡ ਕੇ ਇਸ ਦੀ ਸਿਖਲਾਈ ਲੈਣ ਲੱਗੇ। ਪਾਇਲਟ ਬਣੇ ਅਤੇ ਫਿਰ ਪਾਇਲਟ ਟਰੇਨਰ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉਨ੍ਹਾਂ ਨੇ ਮਿਲਟਰੀ ਦੇ ਪੁਰਾਣੇ ਜਹਾਜ਼ ਖਰੀਦੇ ਅਤੇ ਉਨ੍ਹਾਂ ਨੂੰ ਮੁੜ ਤਿਆਰ ਕਰਵਾ ਕੇ ਵੇਚਿਆ। ਇਸ ਕਮਾਈ ਤੋਂ ਲਾਸ ਐਂਜਲਸ 'ਚ 1947 'ਚ ਚਾਰਟਰ ਸੇਵਾ ਸ਼ੁਰੂ ਕੀਤੀ। ਇਸ ਦੌਰਾਨ ਅਕਸਰ ਹਾਲੀਵੁੱਡ ਦੇ ਮਨੋਰੰਜਨ ਕਰਤਾਵਾਂ ਨੂੰ ਲੈ ਕੇ ਲਾਸ ਵੈਗਸ ਜਾਂਦੇ ਅਤੇ ਉਨ੍ਹਾਂ ਨਾਲ ਕਸੀਨੋ 'ਚ ਸਮਾਂ ਵੀ ਗੁਜ਼ਾਰਦੇ। ਇੱਥੇ ਉਨ੍ਹਾਂ ਦੀ ਮੁਲਾਕਾਤ ਡਾਂਸਰ ਅਤੇ ਕੋਰੀਓਗ੍ਰਾਫਰ ਜੀਨ ਮੈਰੀ ਹਾਰਡੀ ਨਾਲ ਹੋਈ। 1954 'ਚ ਦੋਹਾਂ ਨੇ ਵਿਆਹ ਕਰਵਾ ਲਿਆ ਪਰ ਇਹ ਰਿਸ਼ਤਾ 30 ਸਾਲ ਤਕ ਹੀ ਚੱਲਿਆ। ਫਿਰ ਉਨ੍ਹਾਂ ਨੇ ਆਪਣਾ ਭਵਿੱਖ ਫਿਲਮ ਸਟੂਡੀਓ, ਏਅਰਲਾਈਨ, ਕਸੀਨੋ ਅਤੇ ਹੋਟਲਾਂ ਜ਼ਰੀਏ ਬਣਾਇਆ। 1962 'ਚ ਉਨ੍ਹਾਂ ਨੇ ਆਪਣੀ ਚਾਰਟਰ ਕੰਪਨੀ ਟਰਾਂਸ ਇੰਟਰਨੈਸ਼ਨਲ ਏਅਰਲਾਈਨ ਨੂੰ ਸਟਡਬੇਕਰ ਨਾਲ ਮਿਲਾ ਦਿੱਤਾ ਪਰ ਦੋ ਸਾਲ ਬਾਅਦ ਏਅਰਲਾਈਨ ਨੂੰ ਵੇਚ ਦਿੱਤਾ ਅਤੇ ਇਸ ਤੋਂ ਉਨ੍ਹਾਂ ਨੂੰ 100 ਮਿਲੀਅਨ ਡਾਲਰ ਦਾ ਮੁਨਾਫਾ ਹੋਇਆ। 
ਬੁਰੀ ਤਰ੍ਹਾਂ ਫਸੇ ਮੰਦੀ 'ਚ ਪਰ ਨਹੀਂ ਮੰਨੀ ਹਾਰ


ਮੁਨਾਫੇ ਤੋਂ ਬਾਅਦ ਉਨ੍ਹਾਂ ਨੇ ਫਿਲਮ ਸਟੂਡੀਓ ਅਤੇ ਗੈਮਬਲਿੰਗ ਰਿਜ਼ਾਰਟ 'ਚ ਪੈਸੇ ਨਿਵੇਸ਼ ਕੀਤੇ। 1969 ਆਉਂਦੇ-ਆਉਂਦੇ ਉਨ੍ਹਾਂ ਨੇ ਐੱਮ. ਜੀ. ਐੱਮ. ਫਿਲਮ ਸਟੂਡੀਓ ਖਰੀਦ ਲਿਆ ਪਰ 1969-70 ਦੀ ਮੰਦੀ ਦੇ ਦੌਰ 'ਚ ਉਹ ਬੁਰੀ ਤਰ੍ਹਾਂ ਫਸ ਗਏ ਅਤੇ ਭਾਰੀ ਨੁਕਸਾਨ ਹੋਇਆ। ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਇਹ ਖੇਡ ਦਾ ਸੁਭਾਅ ਹੁੰਦਾ ਹੈ ਕਿ ਕਦੇ ਤੁਸੀਂ ਜਿੱਤਦੇ ਹੋ ਅਤੇ ਕਦੇ ਹਾਰਦੇ ਹੋ ਪਰ ਮੈਚ ਫਿਰ ਹੁੰਦਾ ਹੈ ਅਤੇ ਇਸ ਨਾਲ ਇਕ ਵਾਰ ਫਿਰ ਜਿੱਤ ਦਾ ਮੌਕਾ ਮਿਲਦਾ ਹੈ। 1986 'ਚ ਉਨ੍ਹਾਂ ਨੇ ਐੱਮ. ਜੀ. ਐੱਮ. ਦੇ ਆਪਣੇ ਹਿੱਸੇ ਦੇ ਸ਼ੇਅਰ ਟੈੱਡ ਟਰਨਰ ਨੂੰ ਵੇਚ ਦਿੱਤੇ ਪਰ ਫਿਰ ਮੂਵੀ ਸਟੂਡੀਓ ਵਾਪਸ ਲਿਆ ਅਤੇ ਕੇਸੀਨੋ ਵੀ ਖੋਲ੍ਹਿਆ। ਹਾਲਾਂਕਿ 2011 'ਚ ਉਹ ਐੱਮ. ਜੀ. ਐੱਮ. ਰਿਜ਼ਾਰਟ ਇੰਟਰਨੈਸ਼ਨਲ ਦੇ ਬੋਰਡ ਤੋਂ ਹਟ ਗਏ ਪਰ ਫਿਰ ਵੀ 2015 'ਚ 98 ਸਾਲ ਦੀ ਉਮਰ 'ਚ ਮੌਤ ਤਕ ਇਸ ਦੇ 19 ਫੀਸਦੀ ਸ਼ੇਅਰ ਉਨ੍ਹਾਂ ਕੋਲ ਸਨ। ਉਨ੍ਹਾਂ ਦੀ ਕੁੱਲ ਜਾਇਦਾਦ 4.2 ਅਰਬ ਡਾਲਰ ਹੋ ਗਈ ਸੀ।