ਸਮਾਰਟ ਸਿਟੀ ਦਾ ''ਰੌਲਾ'', 18 ਸ਼ਹਿਰਾਂ ''ਚ ਸ਼ੁਰੂ ਨਹੀਂ ਹੋਇਆ ਕੰਮ

02/18/2017 9:25:13 AM

ਨਵੀਂ ਦਿੱਲੀ— ਜੂਨ 2015 ''ਚ ਬੜੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋਇਆ ਸਮਾਰਟ ਸਿਟੀ ਮਿਸ਼ਨ ਹੁਣ ਤਕ ਰਫਤਾਰ ਨਹੀਂ ਫੜ ਸਕਿਆ ਹੈ। ਕੇਂਦਰ ਸਰਕਾਰ ਹੁਣ ਤਕ 60 ਸ਼ਹਿਰਾਂ ਦੀ ਚੋਣ ਕਰ ਚੁੱਕੀ ਹੈ ਪਰ ਇਨ੍ਹਾਂ ''ਚੋਂ 18 ਸ਼ਹਿਰ ਅਜਿਹੇ ਹਨ, ਜਿਨ੍ਹਾਂ ਦਾ ਕੰਮ ਸ਼ੁਰੂ ਹੋਣਾ ਤਾਂ ਦੂਰ, ਪ੍ਰਾਜੈਕਟ ਦੇ ਪ੍ਰਬੰਧਨ ਲਈ ਸਲਾਹਕਾਰ ਤਕ ਨਿਯੁਕਤ ਨਹੀਂ ਹੋ ਸਕਿਆ ਹੈ। ਦਿਲਚਸਪ ਗੱਲ ਇਹ ਹੈ ਕਿ ਕਈ ਸਮਾਰਟ ਸ਼ਹਿਰਾਂ ਨੇ ਸਲਾਹਕਾਰ ਲਈ ਟੈਂਡਰ ਜਾਰੀ ਕੀਤੇ ਪਰ ਕਿਸੇ ਕੰਪਨੀ ਨੇ ਟੈਂਡਰ ''ਚ ਹਿੱਸਾ ਨਹੀਂ ਲਿਆ।

ਸਮਾਰਟ ਸ਼ਹਿਰ ਦੀ ਪਹਿਲੀ ਕੜੀ ਹੈ ਕਿ ਸਮਾਰਟ ਸਿਟੀ ਪ੍ਰਾਜੈਕਟ ਦੀ ਯੋਜਨਾ, ਤਿਅਰੀ ਅਤੇ ਪ੍ਰਬੰਧਕੀ ਸਲਾਹ ਦੇਣ ਲਈ ਪ੍ਰਾਜੈਕਟ ਪ੍ਰਬੰਧਕ ਸਲਾਹਕਾਰ (ਪੀ. ਐੱਮ. ਸੀ.) ਨੂੰ ਨਿਯੁਕਤ ਕਰਨਾ ਹੈ ਪਰ ਹੁਣ ਤਕ ਆਗਰਾ, ਕਾਨਪੁਰ, ਥਾਣੇ, ਮਦੁਰੇਈ, ਵਡੋਦਰਾ, ਸਲੇਮ, ਕੋਹਿਮਾ, ਨਾਮਚੀ, ਥਨਜਵੁਰ, ਵੈਲੁਰ, ਅਗਰਤਾਲਾ, ਪਣਜੀ, ਭਾਗਲਪੁਰ, ਨਿਊ ਟਾਊਨ ਕੋਲਕਾਤਾ, ਵਾਰੰਗਲ ''ਚ ਪੀ. ਐੱਮ. ਸੀ. ਲਈ ਟੈਂਡਰ ਤਕ ਨਹੀਂ ਕੱਢੇ ਗਏ ਹਨ।
ਇਸ ਸ਼ਹਿਰ ''ਚ ਨਹੀਂ ਆਈ ਕੋਈ ਕੰਪਨੀ
ਉੱਥੇ ਹੀ ਰਾਜਧਾਨੀ ਦਿੱਲੀ ਨਾਲ ਲੱਗਦੇ ਫਰੀਦਾਬਾਦ ''ਚ ਪੀ. ਐੱਮ. ਸੀ. ਲਈ ਜਨਵਰੀ ''ਚ ਟੈਂਡਰ ਜਾਰੀ ਕੀਤੇ ਗਏ ਸਨ। ਟੈਂਡਰ ਖੁੱਲ੍ਹਣ ਦੀ ਤਰੀਕ 16 ਫਰਵਰੀ ਸੀ ਪਰ ਇੱਥੇ ਕਿਸੇ ਕੰਪਨੀ ਨੇ ਟੈਂਡਰ ਨਹੀਂ ਭਰਿਆ। ਮਾਹਰਾਂ ਦਾ ਕਹਿਣਾ ਹੈ ਕਿ ਸਮਾਰਟ ਸਿਟੀ ਪ੍ਰਾਜੈਕਟ ਲਈ ਪੀ. ਐੱਮ. ਸੀ. ਦਾ ਨਾ ਆਉਣਾ ਚੰਗਾ ਸੰਕੇਤ ਨਹੀਂ ਹੈ। ਸਮਾਰਟ ਸ਼ਹਿਰ ਲਈ ਇਸ ਪ੍ਰਾਜੈਕਟ ''ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। 
ਉੱਧਰ ਸਮਾਰਟ ਸਿਟੀ ਨੂੰ ਲੈ ਕੇ 2 ਸੂਬਿਆਂ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਦੀ ਕਾਰਗੁਜ਼ਾਰੀ ਠੀਕ ਨਹੀਂ ਹੈ। ਉੱਤਰ ਪ੍ਰਦੇਸ਼ ਦੇ ਆਗਰਾ ਅਤੇ ਕਾਨਪੁਰ ''ਚ ਪੀ. ਐੱਮ. ਸੀ. ਨਿਯੁਕਤ ਨਹੀਂ ਹੋ ਸਕੇ ਹਨ। ਜਦੋਂ ਕਿ ਤਾਮਿਲਨਾਡੂ ਦੇ ਥਨਜਵੁਰ, ਵੈਲੁਰ, ਸਲੇਮ ਅਤੇ ਮਦੁਰੇਈ ਨੇ ਪੀ. ਐੱਮ. ਸੀ. ਤਾਇਨਾਤ ਨਹੀਂ ਕੀਤੇ ਹਨ। 
ਜ਼ਿਕਰਯੋਗ ਹੈ ਕਿ 25 ਜੂਨ 2015 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਰਟ ਸਿਟੀ ਮਿਸ਼ਨ ਲਾਂਚ ਕੀਤਾ ਸੀ, ਜਿਸ ਦਾ ਮਕਸਦ ਦੇਸ਼ ਦੇ 100 ਸ਼ਹਿਰਾਂ ਨੂੰ ਸਮਾਰਟ ਬਣਾਉਣਾ ਸੀ ਪਰ ਰਾਜਨੀਤਕ ਅਸਿਥਰਤਾ ਦੇ ਮੱਦੇਨਜ਼ਰ ਕਈ ਸ਼ਹਿਰਾਂ ਨੇ ਕੰਮ ''ਚ ਤੇਜ਼ੀ ਨਹੀਂ ਦਿਖਾਈ।