ਵਿਕਾਸ ਦਰ ਦੀ ਹੌਲੀ ਰਫਤਾਰ, ''ਚੰਗੇ ਦਿਨਾਂ'' ਦੀ ਹੋਈ ਸ਼ੁਰੂਆਤ

10/11/2017 8:53:52 AM

ਨਵੀਂ ਦਿੱਲੀ—  ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਭਾਰਤ ਦੀ ਅੰਦਾਜ਼ਨ ਵਿਕਾਸ ਦਰ ਵਿੱਤ ਸਾਲ 2018 ਲਈ ਘੱਟ ਕਰ ਦਿੱਤੀ ਹੈ। ਆਈ. ਐੱਮ. ਐੱਫ. ਨੇ ਇਸ ਦਾ ਕਾਰਨ ਨੋਟਬੰਦੀ ਅਤੇ ਜੀ. ਐੱਸ. ਟੀ. ਨੂੰ ਮੰਨਿਆ ਹੈ। ਹਾਲਾਂਕਿ, ਆਈ. ਐੱਮ. ਐੱਫ. ਨੇ ਕਿਹਾ ਹੈ ਕਿ ਇਨ੍ਹਾਂ ਆਰਥਿਕ ਸੁਧਾਰਾਂ ਨਾਲ ਭਾਰਤ ਦੀ ਅਰਥਵਿਵਸਥਾ ਫਿਰ ਰਫਤਾਰ ਫੜੇਗੀ ਅਤੇ ਸਭ ਤੋਂ ਤੇਜ਼ ਅਰਥਵਿਵਸਥਾ ਦਾ ਤਮਗਾ ਚੀਨ ਤੋਂ ਵਾਪਸ ਲੈਣ 'ਚ ਕਾਮਯਾਬ ਰਹੇਗੀ। 
ਆਈ. ਐੱਮ. ਐੱਫ. ਦੇ ਵਿਸ਼ਵ ਅਰਥਵਿਵਸਥਾ ਆਉਟਲੁਕ ਦੇ ਹਾਲੀਆ ਅੰਕ 'ਚ ਭਾਰਤ ਦੀ ਅਰਥਵਿਵਸਥਾ ਦੀ ਰਫਤਾਰ ਦਾ ਅੰਦਾਜ਼ਾ ਵਿੱਤ ਸਾਲ 2018 'ਚ 6.7 ਫੀਸਦੀ ਰੱਖਿਆ ਹੈ। ਇਹ ਪਹਿਲਾਂ 7.2 ਫੀਸਦੀ ਸੀ। ਵਿੱਤ ਸਾਲ 2019 'ਚ ਵੀ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ 7.7 ਫੀਸਦੀ ਤੋਂ ਘੱਟ ਕਰਕੇ 7.2 ਫੀਸਦੀ ਕਰ ਦਿੱਤਾ ਹੈ। ਆਈ. ਐੱਮ. ਐੱਫ. ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਭਾਰਤ ਦੀ ਵਿਕਾਸ ਦਰ 'ਚ ਸੁਸਤੀ ਆਈ ਹੈ, ਜਿਸ ਦਾ ਕਾਰਨ ਸਰਕਾਰ ਵੱਲੋਂ ਨੋਟਬੰਦੀ ਅਤੇ ਸਾਲ ਵਿਚਕਾਰ ਲਾਗੂ ਕੀਤਾ ਗਿਆ ਆਰਥਿਕ ਸੁਧਾਰ ਜੀ. ਐੱਸ. ਟੀ. ਹੈ, ਜਿਸ ਨਾਲ ਅਨਿਸ਼ਚਿਤਤਾ ਦੀ ਸਥਿਤੀ ਬਣੀ।

ਉਸ ਨੇ ਕਿਹਾ ਕਿ 2019 'ਚ ਚੀਨ ਦੀ ਅੰਦਾਜ਼ਨ ਵਿਕਾਸ ਦਰ 6.5 ਫੀਸਦੀ ਰਹੇਗੀ, ਜਦੋਂ ਕਿ ਭਾਰਤ 7.2 ਫੀਸਦੀ ਦੀ ਰਫਤਾਰ ਨਾਲ ਚੀਨ ਤੋਂ ਅੱਗੇ ਨਿਕਲ ਜਾਵੇਗਾ। ਵਿਸ਼ਵ ਅਰਥਵਿਵਸਥਾ ਦੀ ਗੱਲ ਕਰੀਏ ਤਾਂ 2017 'ਚ ਇਹ 3.6 ਫੀਸਦੀ ਅਤੇ 2018 'ਚ 3.7 ਫੀਸਦੀ ਹੋਵੇਗੀ। ਇਹ ਅੰਦਾਜ਼ਨ ਆਈ. ਐੱਮ. ਐੱਫ. ਦੇ ਪਿਛਲੇ ਅੰਦਾਜ਼ੇ ਤੋਂ 0.1 ਫੀਸਦੀ ਜ਼ਿਆਦਾ ਹੈ। ਜ਼ਿਕਰਯੋਗ ਹੈ ਕਿ ਭਾਰਤ ਦੀ ਵਿਕਾਸ ਦਰ ਜੂਨ ਤਿਮਾਹੀ 'ਚ 3 ਸਾਲਾਂ ਦੇ ਹੇਠਲੇ ਪੱਧਰ 5.7 ਫੀਸਦੀ 'ਤੇ ਪਹੁੰਚ ਗਈ, ਜਿਸ ਕਾਰਨ ਵਿੱਤ ਸਾਲ ਦੇ ਅੰਦਾਜ਼ਿਆਂ 'ਚ ਵੀ ਗਿਰਾਵਟ ਆਈ ਹੈ। ਭਾਰਤੀ ਰਿਜ਼ਰਵ ਬੈਂਕ ਵੀ ਦੇਸ਼ ਦੀ ਵਿਕਾਸ ਦਰ ਦੇ ਅੰਦਾਜ਼ਿਆਂ ਨੂੰ 7.3 ਫੀਸਦੀ ਤੋਂ ਘੱਟ ਕਰਕੇ 6.7 ਫੀਸਦੀ ਕਰ ਚੁੱਕਾ ਹੈ।