ਚਾਂਦੀ 750 ਰੁਪਏ ਹੋਈ ਮਹਿੰਗੀ, ਜਾਣੋ ਸੋਨੇ ਦੇ ਰੇਟ

11/18/2017 3:40:00 PM

ਨਵੀਂ ਦਿੱਲੀ— ਸਥਾਨਕ ਪੱਧਰ 'ਤੇ ਵਿਆਹਾਂ ਦੇ ਸੀਜ਼ਨ 'ਚ ਮੰਗ ਵਧਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਲਗਾਤਾਰ ਦੂਜੇ ਹਫਤੇ 325 ਰੁਪਏ ਮਹਿੰਗਾ ਹੋ ਕੇ 30,775 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਉੱਥੇ ਹੀ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਵੱਲੋਂ ਮੰਗ ਆਉਣ ਨਾਲ ਚਾਂਦੀ ਵੀ 41,000 ਰੁਪਏ ਦਾ ਪੱਧਰ ਪਾਰ ਕਰ ਗਈ। ਹਫਤੇ 'ਚ ਚਾਂਦੀ 750 ਰੁਪਏ ਦੀ ਛਲਾਂਗ ਲਾ ਕੇ 41,150 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। 
ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਸਥਾਨਕ ਗਹਿਣਾ ਵਿਕਰੇਤਾਵਾਂ ਵੱਲੋਂ ਖਰੀਦਦਾਰੀ, ਵਿਆਹੀ ਸੀਜ਼ਨ 'ਚ ਵਧੀ ਮੰਗ ਅਤੇ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਹੋਣ ਨਾਲ ਕੀਮਤੀ ਧਾਤਾਂ ਨੂੰ ਸਮਰਥਨ ਮਿਲਿਆ, ਜਿਸ ਨਾਲ ਕੀਮਤਾਂ 'ਚ ਤੇਜ਼ੀ ਰਹੀ। 
ਕੌਮਾਂਤਰੀ ਪੱਧਰ 'ਤੇ ਨਿਊਯਾਰਕ 'ਚ ਸੋਨਾ ਹਫਤੇ ਦੇ ਅਖੀਰ 'ਤੇ 1,293.40 ਡਾਲਰ ਪ੍ਰਤੀ ਔਂਸ ਅਤੇ ਚਾਂਦੀ 17.28 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਏ। ਉੱਥੇ ਹੀ ਰਾਸ਼ਟਰੀ ਰਾਜਧਾਨੀ ਦਿੱਲੀ 'ਚ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 30,475 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,700 ਰੁਪਏ 'ਤੇ ਟਿਕੀ ਰਹੀ।