ਸ਼ਾਪਰਸ ਸਟਾਪ 1100 ਕਰਮਚਾਰੀਆਂ ਨੂੰ ਕੱਢਣ ਦੀ ਤਿਆਰੀ ’ਚ, ਕਈ ਸਟੋਰ ਵੀ ਹੋ ਸਕਦੇ ਹਨ ਬੰਦ

06/14/2020 5:37:40 PM

ਨਵੀਂ ਦਿੱਲੀ - ਦੇਸ਼ ਦੇ ਸਭ ਤੋਂ ਪੁਰਾਣੇ ਡਿਪਾਰਟਮੈਂਟ ਸਟੋਰ ਚੇਨ ਸ਼ਾਪਰਸ ਸਟਾਪ 1100 ਕਰਮਚਾਰੀਆਂ ਨੂੰ ਕੱਢਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਕੰਪਨੀ ਕਈ ਸਟੋਰ ਨੂੰ ਬੰਦ ਵੀ ਕਰਨ ਵਾਲੀ ਹੈ। ‘ਕੋਵਿਡ-19’ ਦੀ ਵਜ੍ਹਾ ਨਾਲ ਦੇਸ਼ ਵਿਆਪੀ ਲਾਕਡਾਊਨ ਕਾਰਣ ਫੈਸ਼ਨੇਬਲ ਅਤੇ ਮਹਿੰਗੇ ਉਤਪਾਦਾਂ ਦੀ ਮੰਗ ਘਟੀ ਹੈ। ਇਸ ਨਾਲ ਕੰਪਨੀ ਦੀ ਵਿਕਰੀ ’ਤੇ ਮਾੜਾ ਅਸਰ ਪਿਆ ਹੈ।

ਜਾਣਕਾਰੀ ਮੁਤਾਬਕ ਜਿਨ੍ਹਾਂ ਕਰਮਚਾਰੀਆਂ ਨੂੰ ਕੰਪਨੀ ਕੱਢੇਗੀ, ਉਨ੍ਹਾਂ ਨੂੰ 2 ਮਹੀਨਿਆਂ ਦੀ ਸੈਲਰੀ ਦਿੱਤੀ ਜਾਵੇਗੀ। ਕੰਪਨੀ ਕੋਲ ਇਸ ਸਮੇਂ 7,500 ਕਰਮਚਾਰੀ ਹਨ। ਇਸ ’ਚੋਂ 15 ਫੀਸਦੀ ਕਰਮਚਾਰੀਆਂ ਨੂੰ 15 ਜੂਨ ਤੱਕ ਅਸਤੀਫਾ ਦੇਣ ਨੂੰ ਕਿਹਾ ਗਿਆ ਹੈ। ਇਸ ’ਚੋਂ ਜ਼ਿਆਦਾਤਰ ਕਰਮਚਾਰੀ ਜੂਨੀਅਰ ਅਤੇ ਮਿਡ ਲੈਵਲ ਦੇ ਹਨ। ਜਿਨ੍ਹਾਂ ਕਰਮਚਾਰੀਆਂ ਨੂੰ ਕੰਪਨੀ ਵੱਲੋਂ ਅਸਤੀਫਾ ਦੇਣ ਲਈ ਕਿਹਾ ਗਿਆ ਹੈ, ਉਨ੍ਹਾਂ ’ਚ 160 ਕਰਮਚਾਰੀ ਬੈਂਕ ਐਂਡ ਆਪ੍ਰੇਸ਼ਨਜ਼ ਨਾਲ ਜੁਡ਼ੇ ਹਨ। 1,000 ਕਰਮਚਾਰੀ ਫਰੰਟ ਐਂਡ ਸਟੋਰ ਲੈਵਲ ਦੇ ਹਨ।

ਸ਼ਾਪਰਸ ਸਟਾਪ ਦੇ ਕਰਮਚਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਕੰਪਨੀ ਨੇ ਇਸ ਦੇ ਨਾਲ ਇਹ ਵੀ ਕਿਹਾ ਹੈ ਕਿ ਜਿਵੇਂ ਹੀ ਮਾਹੌਲ ’ਚ ਸੁਧਾਰ ਹੋਵੇਗਾ, ਨਵੀਂ ਭਰਤੀ ਕੀਤੀ ਜਾਵੇਗੀ। ਕੰਪਨੀ ਨੇ ਕਿਹਾ ਹੈ ਕਿ ਹੋਰ ਰਿਟੇਲਰਸ ਦੀ ਤਰ੍ਹਾਂ ਅਸੀਂ ਵੀ ਚੰਗੇ ਪ੍ਰਦਰਸ਼ਨ ਨਾ ਕਰਨ ਵਾਲੇ ਸਟੋਰ ਨੂੰ ਬੰਦ ਕਰ ਰਹੇ ਹਾਂ। ਬਿਜ਼ਨੈੱਸ ਘਟੇਗਾ ਤਾਂ ਇਸ ਦਾ ਅਸਰ ਕਰਮਚਾਰੀਆਂ ’ਤੇ ਪਵੇਗਾ। ਅਜਿਹੀ ਹਾਲਤ ’ਚ ਨਵੇਂ ਸਟੋਰਸ ਨੂੰ ਖੋਲ੍ਹਣ ਦੀ ਗਿਣਤੀ ਸੀਮਿਤ ਕਰ ਦਿੱਤੀ ਗਈ ਹੈ।

ਸ਼ਾਪਰਸ ਸਟਾਪ ਨੇ 1991 ’ਚ ਪਹਿਲਾ ਸਟੋਰ ਚਾਲੂ ਕੀਤਾ ਸੀ

ਕਿਹਾ ਜਾ ਰਿਹਾ ਹੈ ਕਿ ਬਿਜ਼ਨੈੱਸ ਘੱਟ ਹੋ ਰਿਹਾ ਹੈ। ਇਸ ਵਜ੍ਹਾ ਨਾਲ ਹੁਣ ਐਡਜਸਟਮੈਂਟ ਦਾ ਰਸਤਾ ਅਪਣਾਇਆ ਜਾ ਰਿਹਾ ਹੈ। ਕੇ ਰਹੇਜਾ ਕਾਰਪ ਵੱਲੋਂ ਪ੍ਰਮੋਟ ਕੀਤੇ ਗਏ ਸ਼ਾਪਰਸ ਸਟਾਪ ਨੇ 1991 ’ਚ ਪਹਿਲਾ ਸਟੋਰ ਚਾਲੂ ਕੀਤਾ ਸੀ। ਕੰਪਨੀ ਮੁਤਾਬਕ ਰਿਟੇਲ ਉਦਯੋਗ ਸਟੋਰ ਲੈਵਲ ’ਤੇ 36.50 ਫੀਸਦੀ ਏਟਰੀਸ਼ਨ ਰੇਟ ਹੁੰਦਾ ਹੈ। ਯਾਨੀ ਕਰਮਚਾਰੀਆਂ ਨੂੰ ਛੱਡਣ ਦੀ ਗਿਣਤੀ ਇਸ ਪੱਧਰ ’ਤੇ ਹੁੰਦੀ ਹੈ। ਕੰਪਨੀ ਦੇ ਨਾਲ ਕੰਮ ਕਰਨ ਵਾਲੇ ਪ੍ਰਵਾਸੀ ਲੋਕ ਕਾਂਟਰੈਕਟ ’ਤੇ ਹੁੰਦੇ ਹਨ। ਜਦੋਂ ਤੱਕ ਹਾਲਾਤ ’ਚ ਸੁਧਾਰ ਨਹੀਂ ਹੁੰਦਾ ਹੈ ਉਦੋਂ ਤੱਕ ਇਨ੍ਹਾਂ ਕਰਮਚਾਰੀਆਂ ਨੂੰ ਵਾਪਸ ਰੱਖਣ ਦੀ ਸੰਭਾਵਨਾ ਘੱਟ ਹੈ।

Harinder Kaur

This news is Content Editor Harinder Kaur