ਡੀ. ਮਾਰਟ ਦੇ ਮੁਨਾਫ਼ੇ ’ਤੇ ਦਬਾਅ ਕਾਰਣ ਡਿੱਗੇ ਕੰਪਨੀ ਦੇ ਸ਼ੇਅਰ, ਨਿਵੇਸ਼ਕਾਂ ਨੂੰ ਪਿਆ ਕਰੋੜਾਂ ਦਾ ਘਾਟਾ

05/18/2023 10:42:57 AM

ਮੁੰਬਈ (ਵਿਸ਼ੇਸ਼) - ਦੇਸ਼ ’ਚ ਡੀ. ਮਾਰਟ ਦੇ ਨਾਂ ਨਾਲ ਰਿਟੇਲ ਸਟੋਰ ਚਲਾਉਣ ਵਾਲੀ ਕੰਪਨੀ ਐਵੇਨਿਊ ਸੁਪਰ ਮਾਰਕੀਟ ਲਿਮਟਿਡ ਪਿਛਲੀਆਂ ਕੁੱਝ ਤਿਮਾਹੀਆਂ ਤੋਂ ਵਿਕਰੀ ’ਚ ਗਿਰਾਵਟ ਕਾਰਣ ਮੁਨਾਫ਼ੇ ’ਤੇ ਦਬਾਅ ਝੱਲ ਰਹੀ ਹੈ। ਕੰਪਨੀ ਦੇ ਮਾਰਜ਼ਨ ’ਤੇ ਦਬਾਅ ਹੋਣ ਕਾਰਣ ਕੰਪਨੀ ਦੇ ਸ਼ੇਅਰ ’ਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਪਿਛਲੇ 5 ਦਿਨਾਂ ’ਚ ਕੰਪਨੀ ਦਾ ਸ਼ੇਅਰ ਸਵਾ 7 ਫ਼ੀਸਦੀ ਡਿੱਗ ਚੁੱਕਾ ਹੈ। ਇਸ ਕਾਰਣ ਨਿਵੇਸ਼ਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਬੁੱਧਵਾਰ ਨੂੰ ਕੰਪਨੀ ਦਾ ਸ਼ੇਅਰ 3403 ਰੁਪਏ ’ਤੇ ਬੰਦ ਹੋਇਆ, ਜਦਕਿ 5 ਦਿਨ ਪਹਿਲਾਂ ਇਸ ਦੀ ਕੀਮਤ ਕਰੀਬ 3670 ਰੁਪਏ ਸੀ। ਇਸ ਲਿਹਾਜ ਨਾਲ ਨਿਵੇਸ਼ਕਾਂ ਨੂੰ 266.25 ਰੁਪਏ ਪ੍ਰਤੀ ਸ਼ੇਅਰ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : ਦਿੱਲੀ-ਸਿਡਨੀ ਏਅਰ ਇੰਡੀਆ ਦੀ ਫਲਾਈਟ ਨੂੰ ਅਚਾਨਕ ਹਵਾ 'ਚ ਲੱਗੇ ਝਟਕੇ, ਕਈ ਯਾਤਰੀ ਹੋਏ ਜ਼ਖ਼ਮੀ

ਹਾਲ ਹੀ ’ਚ ਆਏ ਕੰਪਨੀ ਦੇ ਨਤੀਜਿਆਂ ’ਚ ਚੌਥੀ ਤਿਮਾਹੀ ਦਾ ਲਾਭ 7.7 ਫ਼ੀਸਦੀ ਰਿਹਾ ਹੈ, ਜਦਕਿ ਉਸ ਦੇ ਮਾਲੀਏ ’ਚ 21 ਫ਼ੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ। ਹਾਲਾਂਕਿ ਕੰਪਨੀ ਦਾ ਏਬਿਟਾ 5.4 ਫ਼ੀਸਦੀ ਹੀ ਵਧਿਆ, ਜੋ ਬਾਜ਼ਾਰ ਦੀਆਂ ਉਮੀਦਾਂ ਦੇ ਮੁਤਾਬਕ ਨਹੀਂ ਹੈ। ਲਿਹਾਜਾ ਕੰਪਨੀ ਦੇ ਸ਼ੇਅਰ ’ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜੇ. ਐੱਮ. ਫਾਈਨਾਂਸ਼ੀਅਲ ਦੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ 5.4 ਫ਼ੀਸਦੀ ਦਾ ਏਬਿਟਾ ਕੰਪਨੀ ਦੇ ਸ਼ੇਅਰ ਬਾਜ਼ਾਰ ਵਿਚ ਲਿਸਟ ਹੋਣ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਹੈ ਅਤੇ ਬਾਜ਼ਾਰ ਨੇ ਇਸ ਦੀ ਉਮੀਦ ਨਹੀਂ ਕੀਤੀ ਸੀ।

ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼ ਦੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੰਪਨੀ ਨੇ 2019 ਤੋਂ ਲੈ ਕੇ 2023 ਦਰਮਿਆਨ ਆਪਣੇ ਸਟੋਰਾਂ ਦੀ ਗਿਣਤੀ ’ਚ ਵਾਧਾ ਕੀਤਾ ਹੈ। ਇਸ ’ਚ 45000 ਤੋਂ ਲੈ ਕੇ 50000 ਸਕੇਅਰ ਫੁੱਟ ਤੱਕ ਦਾ ਵਾਧਾ ਕੀਤਾ ਹੈ। ਇਹ ਕੰਪਨੀ ਦੇ ਟੋਟਲ ਰਿਟੇਲ ਏਰੀਆ ਦਾ 63 ਫ਼ੀਸਦੀ ਬਣਦਾ ਹੈ ਪਰ ਪ੍ਰੇਸ਼ਾਨੀ ਦੀ ਗੱਲ ਇਹ ਹੈ ਕਿ ਕੰਪਨੀ ਦੇ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਦੇ ਨਤੀਜਿਆਂ ’ਚ ਕੰਪਨੀ ਦਾ ਪ੍ਰਤੀ ਸਕੇਅਰ ਫੁੱਟ ਮਾਲੀਆ ਡਿਗ ਕੇ 9 ਫ਼ੀਸਦੀ ਰਹਿ ਗਿਆ ਹੈ, ਜਿਸ ਕਾਰਣ ਕੰਪਨੀ ਦੇ ਮਾਰਜਨ ’ਤੇ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਕੰਪਨੀ ਦੇ ਕੱਪੜਿਆਂ ਦੀ ਵਿਕਰੀ ’ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕੱਪੜਿਆਂ ਦੀ ਵਿਕਰੀ ਨਾਲ ਕੰਪਨੀ ਦਾ ਮਾਲੀਆ 23.4 ਫ਼ੀਸਦੀ ਡਿਗਿਆ ਹੈ।

ਇਹ ਵੀ ਪੜ੍ਹੋ : ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਹੱਥਾਂ ’ਚ ਸੌਂਪਣ ਦੀ ਰੌਂਅ 'ਚ ਕੇਂਦਰ, ਇਨ੍ਹਾਂ ਬੈਂਕਾਂ ਦਾ ਲੱਗ ਸਕਦੈ ਨੰਬਰ

ਇਸ ਦਰਮਿਆਨ ਕੰਪਨੀ ਵਲੋਂ ਖੋਲ੍ਹੇ ਗਏ ਨਵੇਂ ਸਟੋਰਾਂ ’ਚ ਵਿਕਰੀ ਦੇ ਅੰਕੜੇ ਵੀ ਨਿਰਾਸ਼ ਕਰਨ ਵਾਲੇ ਹਨ। ਹਾਲਾਂਕਿ ਪਿਛਲੇ ਵਿੱਤੀ ਸਾਲ ਦੀਆਂ ਪਹਿਲੀਆਂ ਦੋ ਤਿਮਾਹੀਆਂ ਵਿਚ ਦੋ ਸਾਲ ਪੁਰਾਣੇ ਸਟੋਰਾਂ ’ਚ 11 ਫ਼ੀਸਦੀ ਦੀ ਗ੍ਰੋਥ ਦਰਜ ਕੀਤੀ ਸੀ ਪਰ ਨਵੇਂ ਸਟੋਰਾਂ ਵਿਚ ਵਿਕਰੀ ’ਚ ਕਮੀ ਹੋਣ ਕਾਰਣ ਕੰਪਨੀ ਦਾ ਕੁੱਲ ਮਿਲਾ ਕੇ ਪ੍ਰਦਰਸ਼ਨ ਨਾਂਹਪੱਖੀ ਰਿਹਾ ਹੈ।

ਡੀ. ਮਾਰਟ ਦੇ ਮਾਰਕੀਟ ਕੈਪ ’ਚ ਵੱਡੀ ਗਿਰਾਵਟ
ਪਿਛਲੇ ਸਾਲ ਸਤੰਬਰ ’ਚ ਕੰਪਨੀ ਦਾ ਮਾਰਕੀਟ ਕੈਪ 37.22 ਬਿਲੀਅਨ ਡਾਲਰ ਸੀ ਜੋ ਹੁਣ ਘਟ ਕੇ 27.16 ਬਿਲੀਅਨ ਡਾਲਰ ਰਹਿ ਗਿਆ ਹੈ ਅਤੇ ਇਸ ’ਚ 10 ਬਿਲੀਅਨ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਨੋਟ - ਇਸ ਖ਼ਬਰ ਦ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ

 

rajwinder kaur

This news is Content Editor rajwinder kaur