'ਸ਼ਕਤੀਕਾਂਤ ਦਾਸ ਨੂੰ RBI ਗਵਰਨਰ ਬਣਾਉਣਾ ਗਲਤ' : ਸੁਬਰਾਮਣੀਅਮ ਸਵਾਮੀ

12/12/2018 12:17:42 PM

ਨਵੀਂ ਦਿੱਲੀ — ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦੇ ਅਸਤੀਫੇ ਤੋਂ ਬਾਅਦ ਸ਼ਕਤੀਕਾਂਤ ਦਾਸ ਨੂੰ ਅਗਲੇ ਤਿੰਨ ਸਾਲ ਲਈ ਰਿਜ਼ਰਵ ਬੈਂਕ ਦਾ ਗਵਰਨਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ 'ਤੇ ਵਿਰੋਧ ਜ਼ਾਹਰ ਕਰਦੇ ਹੋਏ ਸੁਬਰਾਮਣੀਅਮ ਸਵਾਮੀ ਨੇ ਸ਼ਕਤੀਕਾਂਤ ਨੂੰ ਰਿਜ਼ਰਵ ਬੈਂਕ ਦਾ ਗਵਰਨਰ ਬਣਾਉਣ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ,' ਸ਼ਕਤੀਕਾਂਤ ਦਾਸ ਨੂੰ 000 ਦਾ ਗਵਰਨਰ ਬਣਾਉਣਾ ਗਲਤ ਹੈ। ਉਨ੍ਹਾਂ ਨੇ ਵੀ ਪੀ. ਚਿਦਾਂਬਰਮ ਨਾਲ ਮਿਲ ਕੇ ਭ੍ਰਿਸ਼ਟਾਚਾਰ 'ਚ ਸਹਿਯੋਗ ਕੀਤਾ ਹੈ ਅਤੇ ਉਨ੍ਹਾਂ ਨੂੰ ਅਦਾਲਤ ਬਚਾਉਂਦੇ ਰਹੇ ਹਨ। ਮੈਂ ਇਸ ਫੈਸਲੇ ਦੇ ਖਿਲਾਫ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ।'

ਭਾਰਤੀ ਜਨਤਾ ਪਾਰਟੀ ਦੇ ਨੇਤਾ ਸਵਾਮੀ ਨੇ ਕਿਹਾ ਕਿ ਸ਼ਕਤੀਕਾਂਤ ਦਾਸ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰ ਸਕਦੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਸ਼ਕਤੀਕਾਂਥ ਦਾਸ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਬਚਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। 

ਜ਼ਿਕਰਯੋਗ ਹੈ ਕਿ ਉਰਜਿਤ ਪਟੇਲ ਦੇ ਅਸਤੀਫੇ ਤੋਂ ਬਾਅਦ ਸਾਬਕਾ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਤੇ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਸਾਬਕਾ ਸਕੱਤਰ ਸ਼ਕਤੀਕਾਂਤ ਦਾਸ ਨੂੰ ਭਾਰਤੀ ਰਿਜ਼ਰਵ ਬੈਂਕ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਹੈ। ਸ਼ਕਤੀਕਾਂਤ ਸਾਬਕਾ ਵਿੱਤੀ ਸਕੱਤਰ ਵੀ ਰਹਿ ਚੁੱਕੇ ਹਨ। ਕਿਹਾ ਜਾ ਰਿਹਾ ਹੈ ਕਿ ਦੋ ਸਾਲ ਪਹਿਲਾਂ ਸ਼ਕਤੀਕਾਂਤ ਨੇ ਨੋਟਬੰਦੀ ਦੌਰਾਨ ਬਹੁਤ ਅਹਿਮ ਭੂਮਿਕਾ ਵੀ ਨਿਭਾਈ ਸੀ।

ਇਕ ਤਾਂ ਪਹਿਲਾਂ ਹੀ ਉਰਜਿਤ ਪਟੇਲ ਦੇ ਅਸਤੀਫੇ ਨੂੰ ਲੈ ਕੇ ਸਿਆਸਤ ਗਰਮ ਹੈ ਅਤੇ ਲੋਕ ਅਸਤੀਫੇ ਨੂੰ ਲੈ ਕੇ ਵੱਖ-ਵੱਖ ਕਿਆਸ ਲਗਾ ਰਹੇ ਹਨ। ਹੁਣ ਨਵੇਂ ਗਵਰਨਰ ਦੀ ਨਿਯੁਕਤੀ ਵੀ ਸ਼ੱਕ ਦੇ ਘੇਰੇ 'ਚ ਆਉਣ ਨਾਲ ਮੋਦੀ ਸਰਕਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।