ਬਾਜ਼ਾਰ 'ਚ ਉਛਾਲ, ਸੈਂਸੈਕਸ 500 ਅੰਕ ਦੀ ਬੜ੍ਹਤ ਨਾਲ 51,200 ਤੋਂ ਪਾਰ ਖੁੱਲ੍ਹਾ

02/08/2021 9:17:46 AM

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜਬੂਤ ਸੰਕੇਤਾਂ ਵਿਚਕਾਰ ਸੋਮਵਾਰ ਨੂੰ ਭਾਰਤੀ ਬਾਜ਼ਾਰ ਤੇਜ਼ੀ ਵਿਚ ਖੁੱਲ੍ਹੇ ਹਨ। ਬੀ. ਐੱਸ. ਈ. ਦਾ ਸੈਂਸੈਕਸ 522.12 ਅੰਕ ਦੀ ਬੜ੍ਹਤ ਨਾਲ 51,253.75 ਦੇ ਸਰਵਉੱਚ ਪੱਧਰ 'ਤੇ ਖੁੱਲ੍ਹਾ ਹੈ। ਉੱਥੇ ਹੀ, ਨਿਫਟੀ 140 ਅੰਕ ਦੀ ਮਜਬੂਤੀ ਨਾਲ 15,064.30 ਦੇ ਪੱਧਰ 'ਤੇ ਪਹੁੰਚ ਗਿਆ। ਵਿਦੇਸ਼ੀ ਬਾਜ਼ਾਰਾਂ ਦੇ ਨਾਲ-ਨਾਲ ਨਿਵੇਸ਼ਕਾਂ ਦੀ ਨਜ਼ਰ ਘਰੇਲੂ ਕੰਪਨੀਆਂ ਦੇ ਤਿਮਾਹੀ ਨਤੀਜਿਆਂ 'ਤੇ ਵੀ ਹੈ।

ਨਿਫਟੀ ਕੰਪਨੀ ਬੀ. ਪੀ. ਸੀ. ਐੱਲ. ਅੱਜ ਆਪਣੇ ਦਸੰਬਰ ਤਿਮਾਹੀ ਦੀ ਕਮਾਈ ਦੇ ਨਤੀਜੇ ਜਾਰੀ ਕਰੇਗੀ। ਉੱਥੇ ਹੀ, ਨਤੀਜਿਆਂ ਦੀ ਘੋਸ਼ਣਾ ਕਰਨ ਵਾਲੀਆਂ ਗੈਰ-ਨਿਫਟੀ ਕੰਪਨੀਆਂ ਵਿਚ ਆਦਿੱਤਿਆ ਬਿਰਲਾ ਫੈਸ਼ਨ ਐਂਡ ਰਿਟੇਲ, ਐਸਟ੍ਰਾਜ਼ੇਨੇਕਾ ਫਾਰਮਾ, ਬਾਲਕ੍ਰਿਸ਼ਨ ਇੰਡਸਟਰੀਜ਼, ਐੱਨ. ਐੱਮ. ਡੀ. ਸੀ., ਸਨ ਟੀ. ਵੀ. ਅਤੇ ਟੋਰੈਂਟ ਫਾਰਮਾ ਹਨ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੈਂਸੈਕਸ 50,731.63 ਅਤੇ ਨਿਫਟੀ 14,924.25 'ਤੇ ਬੰਦ ਹੋਇਆ ਸੀ।

ਕਾਰੋਬਾਰ ਦੇ ਸ਼ੁਰੂ ਵਿਚ ਬੀ. ਐੱਸ. ਈ. 30 ਵਿਚ ਬਜਾਜ ਆਟੋ ਅਤੇ ਐੱਨ. ਟੀ. ਪੀ. ਸੀ. ਨੂੰ ਛੱਡ ਕੇ ਬਾਕੀ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਸਨ।

ਗਲੋਬਲ ਬਾਜ਼ਾਰ
ਉੱਥੇ ਹੀ ਗਲੋਬਲ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਵਿਚ 1 ਫ਼ੀਸਦੀ ਦੀ ਤੇਜ਼ੀ, ਹਾਂਗਕਾਂਗ ਦੇ ਹੈਂਗ ਸੈਂਗ ਵਿਚ 0.9 ਫ਼ੀਸਦੀ ਅਤੇ ਜਾਪਾਨ ਦੇ ਨਿੱਕੇਈ ਵਿਚ 2 ਫ਼ੀਸਦੀ ਦੀ ਬੜ੍ਹਤ ਦੇਖਣ ਨੂੰ ਮਿਲੀ ਹੈ। ਇਸ ਦੌਰਾਨ ਦੱਖਣੀ ਕੋਰੀਆ ਦੇ ਕੋਸਪੀ ਵਿਚ 0.06 ਫ਼ੀਸਦੀ ਦੀ ਹਲਕੀ ਤੇਜ਼ੀ ਦੇਖਣ ਨੂੰ ਮਿਲੀ। ਇਸ ਦੌਰਾਨ, ਆਸਟ੍ਰੇਲੀਆ ਬਾਜ਼ਾਰ ਏ. ਐੱਸ. ਐਕਸ.-200 ਵਿਚ 0.75 ਦੀ ਤੇਜ਼ੀ ਸੀ।

Sanjeev

This news is Content Editor Sanjeev