ਸੈਂਸੈਕਸ 'ਚ 140 ਅੰਕ ਦਾ ਉਛਾਲ, ਨਿਫਟੀ 11,700 ਤੋਂ ਪਾਰ

06/18/2019 9:20:20 AM

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਮੰਗਲਵਾਰ ਸੈਂਸੈਕਸ ਤੇ ਨਿਫਟੀ ਹਲਕੀ ਮਜਬੂਤੀ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 62.24 ਅੰਕ ਚੜ੍ਹ ਕੇ 39,023.03 ਖੁੱਲ੍ਹਾ, ਨਾਲ ਹੀ ਇਹ 140.71 ਉਛਲ ਕੇ 39,101.50 'ਤੇ ਜਾ ਪੁੱਜਾ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ ਵੀ 6.80 ਅੰਕ ਯਾਨੀ 0.06 ਫੀਸਦੀ ਦੀ ਮਾਮੂਲੀ ਤੇਜ਼ੀ ਨਾਲ ਖੁੱਲ੍ਹਾ ਸੀ ਪਰ ਕਾਰੋਬਾਰ ਸ਼ੁਰੂ ਹੁੰਦੇ ਹੀ ਇਹ ਵੀ 30 ਅੰਕ ਦੀ ਬੜ੍ਹਤ ਨਾਲ 11,700 ਦੇ ਪਾਰ ਜਾ ਪੁੱਜਾ।
ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 20 ਅੰਕ ਦੀ ਮਜਬੂਤੀ ਤੇ ਬੈਂਕ ਨਿਫਟੀ 'ਚ 30 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 69.83 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਕੱਲ ਇਹ 69.90 'ਤੇ ਬੰਦ ਹੋਇਆ ਸੀ।

 

ਵਿਦੇਸ਼ੀ ਬਾਜ਼ਾਰਾਂ 'ਚ ਕਾਰੋਬਾਰ-
ਬਾਜ਼ਾਰਾਂ ਦੀ ਨਜ਼ਰ ਇਸ ਹਫਤੇ ਨਾਰਵੇ, ਬ੍ਰਾਜ਼ੀਲ, ਤਾਇਵਾਨ ਤੇ ਇੰਡੋਨੇਸ਼ੀਆ ਦੇ ਕੇਂਦਰੀ ਬੈਂਕਾਂ ਦੇ ਨਾਲ-ਨਾਲ ਫੈਡਰਲ ਰਿਜ਼ਰਵ, ਬੈਂਕ ਆਫ ਜਪਾਨ ਤੇ ਬੈਂਕ ਆਫ ਇੰਗਲੈਂਡ ਦੀ ਮਾਨਿਟਰੀ ਪਾਲਿਸੀ 'ਤੇ ਹੋਵੇਗੀ। ਫੈਡਰਲ ਰਿਜ਼ਰਵ ਬੁੱਧਵਾਰ ਨੂੰ ਪਾਲਿਸੀ ਜਾਰੀ ਕਰੇਗਾ ਤੇ ਅੱਜ ਇਸ ਦੀ ਦੋ ਦਿਨਾ ਬੈਠਕ ਸ਼ੁਰੂ ਹੋ ਗਈ ਹੈ। ਇਸ ਨੂੰ ਦੇਖਦੇ ਹੋਏ ਸੋਮਵਾਰ ਅਮਰੀਕੀ ਬਾਜ਼ਾਰ ਹਲਕੀ ਬੜ੍ਹਤ 'ਚ ਬੰਦ ਹੋਏ।
ਉੱਥੇ ਹੀ, ਅੱਜ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 2.38 ਅੰਕ ਦੀ ਹਲਕੀ ਤੇਜ਼ੀ ਨਾਲ 2,890 ਦੇ ਪੱਧਰ 'ਤੇ ਕਾਰੋਬਾਰ ਕਰਦਾ ਦਿਸਿਆ ਹੈ, ਜਦੋਂ ਕਿ ਜਪਾਨ ਦਾ ਨਿੱਕੇਈ 50 ਅੰਕ ਯਾਨੀ 0.2 ਫੀਸਦੀ ਦੀ ਕਮਜ਼ੋਰੀ ਨਾਲ 21,067 ਦੇ ਪੱਧਰ 'ਤੇ ਸੀ। ਹਾਂਗਕਾਂਗ ਦਾ ਹੈਂਗ ਸੈਂਗ 200 ਅੰਕ ਦੀ ਤੇਜ਼ੀ ਨਾਲ 27,433 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਦੱਖਣੀ ਕੋਰੀਆ ਦੇ ਇੰਡੈਕਸ ਕੋਸਪੀ 0.5 ਫੀਸਦੀ ਮਜਬੂਤੀ 'ਚ 2,101 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 26 ਅੰਕ ਵਧ ਕੇ 3,234'ਤੇ ਕਾਰੋਬਾਰ ਕਰ ਰਿਹਾ ਹੈ।