ਸੈਂਸੈਕਸ 'ਚ 112 ਅੰਕ ਦਾ ਉਛਾਲ, ਨਿਫਟੀ 11,600 ਦੇ ਪਾਰ ਖੁੱਲ੍ਹਾ

04/23/2019 9:22:49 AM

ਮੁੰਬਈ—  ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਸੈਂਸੈਕਸ ਅਤੇ ਨਿਫਟੀ ਤੇਜ਼ੀ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 31 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 112.89 ਅੰਕ ਚੜ੍ਹ ਕੇ 38,758.07 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸੋਮਵਾਰ ਸੈਂਸੈਕਸ 495 ਅੰਕ ਦੀ ਗਿਰਾਵਟ 'ਚ 38,645.18 'ਤੇ ਬੰਦ ਹੋਇਆ ਸੀ।

ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 27.85 ਅੰਕ ਯਾਨੀ 0.24 ਫੀਸਦੀ ਦੀ ਹਲਕੀ ਤੇਜ਼ੀ ਦਰਜ ਕਰਦੇ ਹੋਏ 11,622.30 'ਤੇ ਖੁੱਲ੍ਹਾ ਹੈ। 
ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 23 ਅੰਕ ਦੀ ਤੇਜ਼ੀ ਤੇ ਬੈਂਕ ਨਿਫਟੀ 'ਚ 111 ਅੰਕ ਦੀ ਮਜਬੂਤੀ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 69.62 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 69.67 ਦੇ ਪੱਧਰ 'ਤੇ ਬੰਦ ਹੋਇਆ ਸੀ। ਉੱਥੇ ਹੀ, ਅਮਰੀਕਾ ਈਰਾਨ ਤੋਂ ਤੇਲ ਦਰਾਮਦ ਕਰਨ ਵਾਲੇ ਦੇਸ਼ਾਂ ਨੂੰ ਮਿਲੀ ਛੋਟ ਸਮਾਪਤ ਕਰਨ ਜਾ ਰਿਹਾ ਹੈ, ਜਿਸ ਕਾਰਨ ਕੱਚਾ ਤੇਲ 74.35 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ।


ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-
ਵਿਦੇਸ਼ੀ ਬਾਜ਼ਾਰਾਂ 'ਚ ਕਾਰੋਬਾਰ ਮਿਲੇ-ਜੁਲੇ ਹਨ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 22 ਅੰਕ ਡਿੱਗਾ ਹੈ, ਜਦੋਂ ਕਿ ਜਪਾਨ ਦਾ ਬਾਜ਼ਾਰ ਨਿੱਕੇਈ 52 ਅੰਕ ਦੀ ਗਿਰਾਵਟ 'ਚ ਕਾਰੋਬਾਰ ਕਰ ਰਿਹਾ ਹੈ।
ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 15 ਅੰਕ ਦੀ ਮਜਬੂਤੀ ਨਾਲ 11,632 ਦੇ ਪੱਧਰ 'ਤੇ ਹੈ। ਹਾਂਗਕਾਂਗ ਦਾ ਬਾਜ਼ਾਰ 23 ਅੰਕ ਡਿੱਗਾ ਹੈ। ਇਸ ਦੇ ਇਲਾਵਾ ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 0.02 ਫੀਸਦੀ ਦੀ ਗਿਰਾਵਟ 'ਚ 2,216.66 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਅਮਰੀਕੀ ਬਾਜ਼ਾਰ ਸੋਮਵਾਰ ਮਿਲੇ-ਜੁਲੇ ਰਹੇ ਸਨ। ਡਾਓ ਜੋਂਸ ਨੇ 48.49 ਅੰਕ ਯਾਨੀ 0.18 ਫੀਸਦੀ ਦੀ ਗਿਰਾਵਟ ਦਰਜ ਕੀਤੀ। ਇਸ ਦੇ ਇਲਾਵਾ ਐੱਸ. ਐਂਡ ਪੀ.-500 ਇੰਡੈਕਸ ਨੇ 0.1 ਫੀਸਦੀ ਦੀ ਬੜ੍ਹਤ ਹਾਸਲ ਕੀਤੀ ਅਤੇ ਨੈਸਡੈਕ ਕੰਪੋਜ਼ਿਟ 0.2 ਫੀਸਦੀ ਦੀ ਮਜਬੂਤੀ 'ਚ ਬੰਦ ਹੋਇਆ।