ਸੇਬੀ ਨੇ ਮੇਹੁਲ ਚੋਕਸੀ 'ਤੇ ਕੱਸਿਆ ਸ਼ਿਕੰਜਾ, ਡੀਮੈਟ ਤੇ ਮਿਊਚੁਅਲ ਫੰਡ ਦੇ ਸਾਰੇ ਖਾਤੇ ਹੋਣਗੇ ਕੁਰਕ

06/16/2023 10:49:40 AM

ਨਵੀਂ ਦਿੱਲੀ (ਭਾਸ਼ਾ)– ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਤੋਂ ਬਕਾਇਆ 5.35 ਕਰੋੜ ਰੁਪਏ ਦੀ ਵਸੂਲੀ ਲਈ ਉਸ ਦੇ ਬੈਂਕ ਖਾਤਿਆਂ ਅਤੇ ਸ਼ੇਅਰਾਂ ਅਤੇ ਮਿਊਚੁਅਲ ਫੰਡ ਖਾਤਿਆਂ ਨੂੰ ਕੁਰਕ ਕਰਨ ਦਾ ਹੁਕਮ ਦਿੱਤਾ ਹੈ। ਸੇਬੀ ਦਾ ਇਹ ਹੁਕਮ ਚੋਕਸੀ ’ਤੇ ਲੱਗੇ ਜੁਰਮਾਨੇ ਦੀ ਅਦਾਇਗੀ ਨਾ ਹੋਣ ਦੇ ਕਾਰਨ ਆਇਆ ਹੈ। ਸੇਬੀ ਨੇ ਗੀਤਾਂਜਲੀ ਜੇਮਸ ਲਿਮਟਿਡ ਦੇ ਸ਼ੇਅਰ ਦੇ ਕਾਰੋਬਾਰ ਨਾਲ ਸਬੰਧਤ ਧੋਖਾਦੇਹੀ ਦੇ ਇਕ ਮਾਮਲੇ ’ਚ ਅਕਤੂਬਰ, 2022 ਵਿਚ ਚੋਕਸੀ ’ਤੇ ਜੁਰਮਾਨਾ ਲਾਇਆ ਸੀ। 

ਇਹ ਵੀ ਪੜ੍ਹੋ : ਖਾਣ ਵਾਲਾ ਤੇਲ ਹੋਵੇਗਾ ਸਸਤਾ, ਸਰਕਾਰ ਨੇ ਸੋਇਆਬੀਨ ਤੇ ਸੂਰਜਮੁਖੀ ਦੇ ਤੇਲ ’ਤੇ ਘਟਾਈ ਇੰਪੋਰਟ ਡਿਊਟੀ

ਸੇਬੀ ਨੇ ਚੋਕਸੀ ਨੂੰ ਭੇਜੇ ਗਏ ਨੋਟਿਸ ’ਚ ਕਿਹਾ ਕਿ 5.35 ਕਰੋੜ ਰੁਪਏ ਦੇ ਬਕਾਏ ਵਿਚ 5 ਕਰੋੜ ਰੁਪਏ ਦਾ ਸ਼ੁਰੂਆਤੀ ਜੁਰਮਾਨਾ, 35 ਲੱਖ ਰੁਪਏ ਵਿਆਜ ਅਤੇ 1000 ਰੁਪਏ ਦੀ ਵਸੂਲੀ ਲਾਗਤ ਹੈ। ਚੋਕਸੀ ਗੀਤਾਂਜਲੀ ਜੇਮਸ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਹੋਣ ਦੇ ਨਾਲ-ਨਾਲ ਪ੍ਰਮੋਟਰ ਸਮੂਹ ਦਾ ਹਿੱਸਾ ਵੀ ਸੀ। ਉਹ ਇਕ ਹੋਰ ਭਗੌੜੇ ਕਾਰੋਬਾਰੀ ਨੀਰਵ ਮੋਦੀ ਦਾ ਮਾਮਾ ਹੈ। ਦੋਵਾਂ ’ਤੇ ਜਨਤਕ ਖੇਤਰ ਦੀ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਵਿਚ 14,000 ਕਰੋੜ ਰੁਪਏ ਤੋਂ ਵੱਧ ਦੀ ਧੋਖਾਦੇਹੀ ਕਰਨ ਦਾ ਦੋਸ਼ ਹੈ। ਚੋਕਸੀ ਅਤੇ ਨੀਰਵ ਮੋਦੀ 2018 ਦੀ ਸ਼ੁਰੂਆਤ ’ਚ ਪੀ. ਐੱਨ. ਬੀ. ਘਪਲਾ ਸਾਹਮਣੇ ਆਉਣ ਤੋਂ ਬਾਅਦ ਭਾਰਤ ਤੋਂ ਫ਼ਰਾਰ ਹੋ ਗਏ ਸਨ, ਜਿੱਥੇ ਚੋਕਸੀ ਦੇ ਐਂਟੀਗੁਆ ਅਤੇ ਬਰਬੁਡਾ ’ਚ ਹੋਣ ਦੀ ਗੱਲ ਕਹੀ ਜਾ ਰਹੀ ਹੈ, ਉੱਥੇ ਹੀ ਮੋਦੀ ਬ੍ਰਿਟੇਨ ਦੀ ਜੇਲ ’ਚ ਬੰਦ ਹੈ ਅਤੇ ਉਸ ਨੇ ਭਾਰਤ ਦੀ ਹਵਾਲਗੀ ਪਟੀਸ਼ਨ ਨੂੰ ਚੁਣੌਤੀ ਦਿੱਤੀ ਹੈ।

ਇਹ ਵੀ ਪੜ੍ਹੋ : ਸੋਨਾ ਖ਼ਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਆਉਣ ਵਾਲੇ ਦਿਨਾਂ 'ਚ ਮਿਲ ਸਕਦੈ ਵੱਡਾ ਫ਼ਾਇਦਾ

ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ

 

rajwinder kaur

This news is Content Editor rajwinder kaur