ਵਟਸਐਪ ਲੀਕ ਮਾਮਲੇ 'ਚ ਕੰਪਨੀ ਅਧਿਕਾਰੀਆਂ ਦਾ ਕਾਲ ਰਿਕਾਰਡ ਮੰਗ ਸਕਦੈ ਸੇਬੀ

04/21/2018 1:42:02 AM

ਨਵੀਂ ਦਿੱਲੀ  (ਇੰਟ.)-ਬਾਜ਼ਾਰ ਰੈਗੂਲੇਟਰੀ ਸੇਬੀ ਕੰਪਨੀਆਂ ਨਾਲ ਜੁੜੀਆਂ ਸੰਵੇਦਨਸ਼ੀਲ ਸੂਚਨਾਵਾਂ ਮੈਸੇਜਿੰਗ ਐਪ ਵਟਸਐਪ ਰਾਹੀਂ ਲੀਕ ਕਰਨ ਦੇ ਮਾਮਲੇ 'ਚ ਕੁਝ ਆਦਮੀਆਂ ਦਾ ਕਾਲ ਰਿਕਾਰਡ ਅਤੇ ਬੈਂਕਿੰਗ ਵੇਰਵਾ ਮੰਗਣ ਦੀ ਸੋਚ ਰਿਹਾ ਹੈ। ਇਨ੍ਹਾਂ ਆਦਮੀਆਂ 'ਚ ਦਰਜਨ ਭਰ ਪ੍ਰਮੁੱਖ ਕੰਪਨੀਆਂ ਦੇ ਉੱਚ ਅਧਿਕਾਰੀ ਵੀ ਸ਼ਾਮਲ ਹਨ। ਇਹ ਮਾਮਲਾ ਕੰਪਨੀਆਂ ਦੇ ਵਿੱਤੀ ਨਤੀਜਿਆਂ ਸਮੇਤ ਹੋਰ ਕੀਮਤੀ ਸੰਵੇਦਨਸ਼ੀਲ ਸੂਚਨਾਵਾਂ ਵਟਸਐਪ ਰਾਹੀਂ ਲੀਕ ਕਰਨ ਨਾਲ ਜੁੜਿਆ ਹੈ।
ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੈਗੂਲੇਟਰੀ ਉਨ੍ਹਾਂ ਕੰਪਨੀਆਂ ਖਿਲਾਫ ਸਖਤ ਕਾਰਵਾਈ ਕਰਨਾ ਚਾਹੁੰਦਾ ਹੈ ਜੋ ਇਸ ਮਾਮਲੇ 'ਚ ਜ਼ਿੰਮੇਵਾਰੀ ਤੈਅ ਕਰਨ 'ਚ ਅਸਫਲ ਰਹੀਆਂ ਹਨ। ਰੈਗੂਲੇਟਰੀ ਖੁਫੀਆ ਕਾਰੋਬਾਰ ਰਾਹੀਂ ਕਥਿਤ ਗ਼ੈਰਕਾਨੂੰਨੀ ਲਾਭ ਦੀ ਜਾਂਚ ਕਰ ਰਿਹਾ ਹੈ। ਅਧਿਕਾਰੀਆਂ ਅਨੁਸਾਰ ਸਾਰੇ ਸਬੰਧਤ ਕੰਪਨੀਆਂ ਤੋਂ ਮਾਮਲੇ ਦੀ ਜਾਂਚ ਕਰਦਿਆਂ ਨਿੱਜੀ ਜ਼ਿੰਮੇਵਾਰੀ ਤੈਅ ਕਰਨ ਤੇ ਇਸ ਦਾ ਦੁਹਰਾਅ ਰੋਕਣ ਦੇ ਉਪਰਾਲੇ ਕਰਨ ਲਈ ਕਿਹਾ ਗਿਆ ਸੀ ਪਰ ਇਨ੍ਹਾਂ 'ਚੋਂ ਜ਼ਿਆਦਾਤਰ ਕੰਪਨੀਆਂ ਨੇ ਨਿੱਜੀ ਜਵਾਬਦੇਹੀ ਤੈਅ ਕਰਨ ਤੋਂ ਬਚਦੇ ਹੋਏ ਆਪਣੀ ਗੱਲਬਾਤ 'ਚ ਵਾਰ-ਵਾਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੀ ਪ੍ਰਣਾਲੀ ਕਿੰਨੀ ਮਜ਼ਬੂਤ ਹੈ।