ਹਿੰਡਨਬਰਗ-ਅਡਾਨੀ ਸਮੂਹ ਮਾਮਲੇ 'ਚ SEBI ਨੇ ਤੋੜੀ ਚੁੱਪੀ, ਕਿਹਾ-ਬਾਜ਼ਾਰ ਨਾਲ ਨਹੀਂ ਹੋਣ ਦੇਵਾਂਗੇ ਖਿਲਵਾੜ

02/05/2023 12:26:10 PM


ਨਵੀਂ ਦਿੱਲੀ- ਅਡਾਨੀ ਸਮੂਹ ਦੇ ਸ਼ੇਅਰਾਂ 'ਚ ਗਿਰਾਵਟ ਨੂੰ ਲੈ ਕੇ ਵਧਦੇ ਵਿਵਾਦ ਦੇ ਵਿਚਕਾਰ ਸੇਬੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਸ਼ੇਅਰ ਬਾਜ਼ਾਰ 'ਚ ਨਿਰਪੱਖਤਾ, ਕੁਸ਼ਲਤਾ ਅਤੇ ਉਸ ਦੀ ਮਜ਼ਬੂਤ ਬੁਨਿਆਦ ਬਣਾਏ ਰੱਖਣ ਲਈ ਸਾਰੀਆਂ ਜ਼ਰੂਰੀ ਨਿਗਰਾਨੀ ਨੂੰ ਯਕੀਨੀ ਕਰਨ ਲਈ ਵਚਨਬੱਧ ਹੈ। ਬਾਜ਼ਾਰ ਰੈਗੂਲੇਟਰ ਨੇ ਕਿਹਾ ਕਿ ਖ਼ਾਸ ਸਟਾਕਾਂ 'ਚ ਬਹੁਤ ਜ਼ਿਆਦਾ ਉਤਰਾਅ-ਚੜ੍ਹਾਅ ਨਾਲ ਨਜਿੱਠਣ ਲਈ ਉਪਾਅ ਕੀਤੇ ਜਾ ਰਹੇ ਹਨ। ਸੇਬੀ ਨੇ ਅਡਾਨੀ ਸਮੂਹ ਦਾ ਨਾਂ ਲਏ ਬਿਨਾਂ ਇਕ ਬਿਆਨ 'ਚ ਕਿਹਾ ਕਿ ਪਿਛਲੇ ਹਫ਼ਤੇ ਇਕ ਕਾਰੋਬਾਰੀ ਸਮੂਹ ਦੇ ਸ਼ੇਅਰਾਂ ਦੀ ਕੀਮਤ 'ਚ ਅਸਧਾਰਨ ਉਤਰਾਅ-ਚੜ੍ਹਾਅ ਦੇਖਿਆ ਗਿਆ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਹ ਬਿਆਨ ਅਡਾਨੀ ਮਾਮਲੇ ਦੇ ਮੱਦੇਨਜ਼ਰ ਹੀ ਜਾਰੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ-Paytm ਨੇ ਕੀਤੀ ਮੁਨਾਫੇ ਦੀ ਘੋਸ਼ਣਾ, CEO ਵਿਜੇ ਸ਼ੇਖਰ ਸ਼ਰਮਾ ਨੇ ਆਖ਼ੀ ਇਹ ਗੱਲ
ਅਮਰੀਕਾ ਸਥਿਤ 'ਸ਼ਾਰਟ ਸੇਲਰ' ਹਿੰਡਨਬਰਗ ਰਿਸਰਚ ਨੇ ਗੌਤਮ ਅਡਾਨੀ ਦੀ ਅਗਵਾਈ ਵਾਲੇ ਸਮੂਹ 'ਤੇ ਫਰਜ਼ੀ ਲੈਣ-ਦੇਣ ਅਤੇ ਸ਼ੇਅਰਾਂ ਦੀਆਂ ਕੀਮਤਾਂ 'ਚ ਹੇਰਾਫੇਰੀ ਦੇ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰ ਤੇਜ਼ੀ ਨਾਲ ਡਿੱਗ ਗਏ। ਅਡਾਨੀ ਸਮੂਹ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਨੇ ਸਾਰੇ ਕਾਨੂੰਨਾਂ ਅਤੇ ਰੈਗੂਲੇਟਰੀ ਖੁਲਾਸਿਆਂ ਦੀ ਪਾਲਣਾ ਕੀਤੀ ਹੈ। ਹਾਲਾਂਕਿ ਇਸ ਦੇ ਬਾਵਜੂਦ ਅਡਾਨੀ ਗਰੁੱਪ ਦੀਆਂ 10 ਸੂਚੀਬੱਧ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ 'ਚ ਕੁੱਲ ਮਿਲਾ ਕੇ 8.5 ਲੱਖ ਕਰੋੜ ਰੁਪਏ ਦੀ ਗਿਰਾਵਟ ਹੋ ਚੁੱਕੀ ਹੈ। ਇਹ ਗਿਰਾਵਟ ਛੇ ਵਪਾਰਕ ਸੈਸ਼ਨਾਂ 'ਚ ਹੋਈ।
ਅਡਾਨੀ ਇੰਟਰਪ੍ਰਾਈਜੇਜ਼ ਨੇ ਆਪਣੇ 20,000 ਕਰੋੜ ਰੁਪਏ ਦੀ ਫਾਲੋ-ਆਨ ਪਬਲਿਕ ਪੇਸ਼ਕਸ਼ (ਐੱਫ.ਪੀ.ਓ) ਨੂੰ ਵੀ ਵਾਪਸ ਲੈ ਲਿਆ ਹੈ। ਭਾਰਤੀ ਪ੍ਰਤੀਭੂਤੀ ਅਤੇ ਰੇਗੂਲੇਟਰ ਬੋਰਡ (ਸੇਬੀ) ਨੇ ਬਿਆਨ 'ਚ ਕਿਹਾ, “ਆਪਣੀ ਜ਼ਿੰਮੇਵਾਰੀ ਦੇ ਹਿੱਸੇ ਵਜੋਂ ਸੇਬੀ ਮਾਰਕੀਟ ਦੇ ਕ੍ਰਮਬੱਧ ਅਤੇ ਕੁਸ਼ਲ ਕੰਮਕਾਜ ਨੂੰ ਬਣਾਈ ਰੱਖਣ ਦੀ ਕੋਸ਼ਿਸ਼ 'ਚ ਹੈ। ਕਿਸੇ ਖ਼ਾਸ ਸ਼ੇਅਰ 'ਚ ਬਹੁਤ ਜ਼ਿਆਦਾ ਅਸਥਿਰਤਾ ਨਾਲ ਨਜਿੱਠਣ ਲਈ ਚੰਗੀ ਤਰ੍ਹਾਂ ਪਰਿਭਾਸ਼ਿਤ, ਜਨਤਕ ਤੌਰ 'ਤੇ ਉਪਲਬਧ ਨਿਗਰਾਨੀ ਉਪਾਅ (ਏ.ਐੱਸ.ਐੱਮ ਢਾਂਚੇ ਸਮੇਤ) ਮੌਜੂਦ ਹਨ।

ਇਹ ਵੀ ਪੜ੍ਹੋ-ਅਡਾਨੀ ਮਾਮਲੇ 'ਤੇ ਵਿੱਤ ਮੰਤਰੀ ਸੀਤਾਰਮਨ ਨੇ ਦਿੱਤਾ ਜਵਾਬ, ਕਿਹਾ-ਇਸ ਨਾਲ ਦੇਸ਼ ਦੇ ਅਕਸ ਨੂੰ ਕੋਈ ਨੁਕਸਾਨ ਨਹੀਂ
ਬਿਆਨ ਦੇ ਅਨੁਸਾਰ, "ਇਹ ਕਿਸੇ ਵੀ ਸ਼ੇਅਰ ਦੀਆਂ ਕੀਮਤਾਂ ਉਤਾਰ-ਚੜ੍ਹਾਅ ਹੋਣ 'ਤੇ ਕੁਝ ਸ਼ਰਤਾਂ ਦੇ ਤਹਿਤ ਆਪਣੇ ਆਪ ਸਰਗਰਮ ਹੋ ਜਾਂਦੀ ਹੈ। ਸ਼ੇਅਰਾਂ ਬਾਜ਼ਾਰਾਂ-ਬੀ.ਐੱਸ.ਈ. ਅਤੇ ਐੱਨ.ਐੱਸ.ਈ. ਨੇ ਅਡਾਨੀ ਸਮੂਹ ਦੀਆਂ ਤਿੰਨ ਕੰਪਨੀਆਂ ਅਡਾਨੀ ਇੰਟਰਪ੍ਰਾਈਜੇਜ਼, ਅਡਾਨੀ ਪੋਰਟਜ਼ ਐਂਡ ਸਪੈਸ਼ਲ ਇਕੋਨਾਮਿਕ ਜੋਨ ਅਤੇ ਅੰਬੂਜਾ ਸੀਮੇਂਟਸ- ਨੂੰ ਆਪਣੀ ਛੋਟੀ ਮਿਆਦ ਦੇ ਵਾਧੂ ਨਿਗਰਾਨੀ ਉਪਾਅ (ਏ.ਐੱਸ.ਐਮ) ਦੇ ਤਹਿਤ ਰੱਖਿਆ ਹੈ। ਇਸ ਦਾ ਮਤਲਬ ਹੈ ਕਿ  'ਇੰਟਰਾ-ਡੇਅ ਵਪਾਰ' ਲਈ 100 ਫ਼ੀਸਦੀ ਅੱਪਫ੍ਰੰਟ ਮਾਰਜਿਨ ਲਾਗੂ ਹੋਵੇਗਾ, ਤਾਂ ਜੋ ਇਨ੍ਹਾਂ ਸ਼ੇਅਰਾਂ 'ਚ ਸੱਟੇਬਾਜ਼ੀ ਅਤੇ 'ਸ਼ਾਰਟ ਸੇਲਿੰਗ' ਨੂੰ ਰੋਕਿਆ ਜਾ ਸਕੇ। ਸੇਬੀ ਨੇ ਕਿਹਾ ਕਿ ਸਾਰੇ ਖ਼ਾਸ ਮਾਮਲਿਆਂ ਨੂੰ ਧਿਆਨ 'ਚ ਲਿਆਉਣ ਤੋਂ ਬਾਅਦ ਰੈਗੂਲੇਟਰ ਮੌਜੂਦਾ ਨੀਤੀਆਂ ਦੇ ਅਨੁਸਾਰ ਉਨ੍ਹਾਂ ਦੀ ਜਾਂਚ ਅਤੇ ਉਚਿਤ ਕਾਰਵਾਈ ਕਰਦਾ ਹੈ।
ਕਈ ਵਿਰੋਧੀ ਨੇਤਾਵਾਂ ਅਤੇ ਕੁਝ ਮਾਹਰਾਂ ਨੇ ਅਡਾਨੀ ਮੁੱਦੇ 'ਤੇ ਕਾਰਵਾਈ ਨਾ ਕਰਨ ਲਈ ਸੇਬੀ 'ਤੇ ਸਵਾਲ ਚੁੱਕੇ ਹਨ। ਇਸ ਮੁੱਦੇ 'ਤੇ ਦੋ ਦਿਨ ਸੰਸਦ ਦੀ ਕਾਰਵਾਈ ਵੀ ਠੱਪ ਰਹੀ। ਕੁਝ ਸਿਆਸਤਦਾਨਾਂ ਨੇ ਇਸ ਮਾਮਲੇ ਦੀ ਜਾਂਚ ਲਈ ਸੇਬੀ ਅਤੇ ਸਰਕਾਰ ਨੂੰ ਪੱਤਰ ਵੀ ਲਿਖਿਆ ਹੈ। ਵਿਰੋਧੀ ਪਾਰਟੀਆਂ ਵੀ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਦੀ ਮੰਗ ਕਰ ਰਹੀਆਂ ਹਨ। ਰੈਗੂਲੇਟਰ ਨੇ ਹਾਲਾਂਕਿ ਸਪੱਸ਼ਟ ਤੌਰ 'ਤੇ ਇਹ ਨਹੀਂ ਦੱਸਿਆ ਕਿ ਕੀ ਉਹ ਇਸ ਮਾਮਲੇ ਦੀ ਕੋਈ ਜਾਂਚ ਕਰ ਰਿਹਾ ਹੈ ਜਾਂ ਨਹੀਂ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

Aarti dhillon

This news is Content Editor Aarti dhillon