SBI ਵੱਲੋਂ ਲਾਕਰ ਚਾਰਜਾਂ 'ਚ ਭਾਰੀ ਵਾਧਾ, 3 ਹਜ਼ਾਰ ਰੁਪਏ ਤੱਕ ਢਿੱਲੀ ਹੋਵੇਗੀ ਜੇਬ

02/22/2020 3:31:22 PM

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦਾ 'ਸੇਫ ਡਿਪਾਜ਼ਿਟ ਲਾਕਰ' ਇਸਤੇਮਾਲ ਕਰਦੇ ਹੋ ਤਾਂ ਹੁਣ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਜੇਬ ਢਿੱਲੀ ਕਰਨੀ ਪਵੇਗੀ। ਬਾਜ਼ਾਰ ਦਿੱਗਜ ਐੱਸ. ਬੀ. ਆਈ. ਨੇ ਲਾਕਰ ਚਾਰਜਾਂ 'ਚ 500 ਤੋਂ 3,000 ਰੁਪਏ ਤੱਕ ਦਾ ਭਾਰੀ ਵਾਧਾ ਕਰ ਦਿੱਤਾ ਹੈ। ਲਾਕਰ ਚਾਰਜਾਂ 'ਚ ਇਹ ਵਾਧਾ 31 ਮਾਰਚ 2020 ਤੋਂ ਲਾਗੂ ਹੋਣ ਜਾ ਰਿਹਾ ਹੈ। ਭਾਰਤੀ ਸਟੇਟ ਬੈਂਕ ਨੇ ਸ਼ਹਿਰੀ ਤੇ ਪੇਂਡੂ ਦੋਹਾਂ ਖੇਤਰਾਂ 'ਚ ਲਾਕਰਾਂ ਦੇ ਕਿਰਾਏ ਵਧਾ ਦਿੱਤੇ ਹਨ।

ਸ਼ਹਿਰਾਂ 'ਚ ਛੋਟੇ ਲਾਕਰ ਲਈ ਹੁਣ 1,500 ਰੁਪਏ ਦੀ ਬਜਾਏ 2,000 ਰੁਪਏ ਦਾ ਕਿਰਾਇਆ ਕਰਨਾ ਭਰਨਾ ਪਵੇਗਾ। ਉੱਥੇ ਹੀ, ਪਿੰਡਾਂ ਤੇ ਕਸਬਿਆਂ 'ਚ ਛੋਟੇ ਲਾਕਰ ਲਈ ਕਿਰਾਇਆ 500 ਰੁਪਏ ਵਧਾ ਕੇ 1,500 ਰੁਪਏ ਕਰ ਦਿੱਤਾ ਗਿਆ ਹੈ। ਸਭ ਤੋਂ ਵੱਡੇ ਸਾਈਜ਼ ਦੇ ਲਾਕਰ ਲਈ ਸ਼ਹਿਰਾਂ 'ਚ ਹੁਣ 12,000 ਰੁਪਏ ਚਾਰਜ ਕੀਤੇ ਜਾਣਗੇ, ਜਿਸ ਲਈ ਮੌਜੂਦਾ ਸਮੇਂ 9,000 ਰੁਪਏ ਚਾਰਜ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਪਿੰਡਾਂ ਤੇ ਕਸਬਿਆਂ 'ਚ ਐੱਸ. ਬੀ. ਆਈ. ਨੇ ਸਭ ਤੋਂ ਵੱਡੇ ਲਾਕਰ ਦਾ ਚਾਰਜ 9,000 ਰੁਪਏ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਸਰਕਾਰੀ ਤੇ ਨਿੱਜੀ ਦੋਵੇਂ ਬੈਂਕ ਗਾਹਕਾਂ ਨੂੰ ਲਾਕਰ ਦੀ ਸੁਵਿਧਾ ਦਿੰਦੇ ਹਨ। ਬੈਂਕ 'ਚ ਲਾਕਰ ਲਈ ਤੁਹਾਨੂੰ ਫੀਸ ਚੁਕਾਉਣੀ ਪੈਂਦੀ ਹੈ। ਇਹ ਫੀਸ ਸਾਲ 'ਚ ਇਕ ਵਾਰ ਹੀ ਲੱਗਦੀ ਹੈ। ਫੀਸ ਦੀ ਰਕਮ ਲਾਕਰ ਦੇ ਸਾਈਜ਼ 'ਤੇ ਨਿਰਭਰ ਕਰਦੀ ਹੈ। ਫੀਸ ਜਾਂ ਚਾਰਜ ਦੀ ਰਕਮ ਇਸ ਗੱਲ 'ਤੇ ਵੀ ਨਿਰਭਰ ਕਰਦੀ ਹੈ ਕਿ ਤੁਸੀਂ ਜਿਸ ਬਰਾਂਚ 'ਚ ਲਾਕਰ ਲੈਣਾ ਚਾਹੁੰਦੇ ਹੋ ਉਹ ਕਿੱਥੇ ਸਥਿਤ ਹੈ, ਯਾਨੀ ਸ਼ਹਿਰੀ ਬਰਾਂਚ ਹੈ ਜਾਂ ਫਿਰ ਪਿੰਡ 'ਚ ਹੈ। ਪਿੰਡ 'ਚ ਹੈ ਤਾਂ ਚਾਰਜ ਘੱਟ ਲੱਗੇਗਾ ਤੇ ਜੇਕਰ ਸ਼ਹਿਰ 'ਚ ਹੈ ਤਾਂ ਜ਼ਿਆਦਾ। ਭਾਰਤੀ ਸਟੇਟ ਬੈਂਕ ਦੇਸ਼ ਦਾ ਸਭ ਤੋਂ ਵੱਡਾ ਅਤੇ ਬਾਜ਼ਾਰ ਲੀਡਰ ਬੈਂਕ ਹੈ। ਇਸ ਲਈ ਹੋਰ ਬੈਂਕ ਵੀ ਲਾਕਰ ਦੇ ਚਾਰਜ ਵਧਾ ਸਕਦੇ ਹਨ।