ਪੈਟਰੋਲ, ਡੀਜ਼ਲ ਦੀ ਮੰਗ 'ਚ ਉਛਾਲ ਨਾਲ ਸਾਊਦੀ ਸਰਕਾਰ ਨੂੰ ਮੋਟੀ ਕਮਾਈ

05/04/2021 1:40:40 PM

ਦੁਬਈ- ਇਸ ਸਾਲ ਦੀ ਪਹਿਲੀ ਤਿਮਾਹੀ ਵਿਚ ਪੈਟਰੋਲ, ਡੀਜ਼ਲ, ਈ. ਟੀ. ਐੱਫ. ਦੀ ਮੰਗ ਵਧਣ ਅਤੇ ਕੱਚੇ ਤੇਲ ਦੀ ਤੰਗ ਸਪਲਾਈ ਕਾਰਨ ਕਰੂਡ ਕੀਮਤਾਂ ਵਿਚ ਵਾਧੇ ਦਾ ਫਾਇਦਾ ਸਾਊਦੀ ਸਰਕਾਰ ਨੂੰ ਖ਼ੂਬ ਹੋਇਆ ਹੈ। ਸਾਊਦੀ ਅਰਾਮਕੋ ਦਾ ਮੁਨਾਫਾ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੀ ਪਹਿਲੀ ਤਿਮਾਹੀ ਵਿਚ 30 ਫ਼ੀਸਦੀ ਵੱਧ ਰਿਹਾ। ਕੰਪਨੀ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ।

ਕੰਪਨੀ ਨੂੰ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿਚ 21.7 ਅਰਬ ਡਾਲਰ ਦੀ ਸ਼ੁੱਧ ਆਮਦਨੀ ਹੋਈ ਹੈ, ਜਦੋਂ ਕਿ 2020 ਵਿਚ ਇਸ ਦੌਰਾਨ ਇਸ ਨੂੰ ਘਾਟਾ ਪੈ ਕੇ ਕਮਾਈ 16.7 ਅਰਬ ਡਾਲਰ ਰਹਿ ਗਈ ਸੀ।

ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਕੱਚੇ ਤੇਲ ਦੀ ਗਲੋਬਲ ਮੰਗ ਵਿਚ ਭਾਰੀ ਕਮੀ ਹੋ ਗਈ ਸੀ ਕਿਉਂਕਿ ਬਹੁਤ ਸਾਰੇ ਦੇਸ਼ਾਂ ਨੇ ਆਵਾਜਾਈ ਬੰਦ ਕਰਨੀ ਸ਼ੁਰੂ ਕਰ ਦਿੱਤੀ ਸੀ। ਸਾਊਦੀ ਅਰਾਮਕੋ ਨੇ ਕਿਹਾ ਕਿ ਕਈ ਦੇਸ਼ਾਂ ਵਿਚ ਚੱਲ ਰਹੇ ਟੀਕਾਕਰਨ ਅਤੇ ਆਰਥਿਕਾ ਦੇ ਮੁੜ ਖੁੱਲ੍ਹਣ ਨਾਲ ਕੱਚੇ ਤੇਲ ਦੀ ਗਲੋਬਲ ਮੰਗ ਵਧੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਸਾਊਦੀ ਸਟਾਕ ਐਕਸਚੇਂਜ ਨੂੰ ਦੱਸਿਆ ਹੈ ਕਿ ਉਹ ਆਪਣੇ ਸ਼ੇਅਰ ਹੋਲਡਰਾਂ ਨੂੰ 18.75 ਅਰਬ ਡਾਲਰ (USD) ਦਾ ਡਿਵੀਡੈਂਟ ਭੁਗਤਾਨ ਕਰੇਗੀ। ਗੌਰਤਲਬ ਹੈ ਕਿ 1.7 ਫ਼ੀਸਦੀ ਹਿੱਸੇਦਾਰੀ ਸਟਾਕ ਐਕਸਚੇਂਜ 'ਤੇ ਕਾਰੋਬਾਰ ਲਈ ਉੁਪਲਬਧ ਹੋਣ ਦੇ ਨਾਲ ਅਰਾਮਕੋ ਦੀ 98 ਫ਼ੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਸਾਊਦੀ ਸਰਕਾਰ ਕੋਲ ਹੈ।

Sanjeev

This news is Content Editor Sanjeev