ਸਾਊਦੀ ਅਰਬ ਨੇ ਸਾਨੂੰ ਤੇਲ ਦੀ ਸਪਲਾਈ ਦਾ ਪੂਰਾ ਭਰੋਸਾ ਦਿੱਤੈ : ਪ੍ਰਧਾਨ

09/09/2019 9:42:32 PM

ਨਵੀਂ ਦਿੱਲੀ (ਭਾਸ਼ਾ)-ਸਾਊਦੀ ਅਰਬ ਦੇ ਨਵੇਂ ਊਰਜਾ ਮੰਤਰੀ ਸ਼ਹਿਜਾਦਾ ਅਬਦੁਲ ਅਜ਼ੀਜ਼ ਬਿਨ ਸਲਮਾਨ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਲਈ ਕੱਚੇ ਤੇਲ ਦਾ ਭਰੋਸੇਯੋਗ ਸਪਲਾਈਕਰਤਾ ਬਣਿਆ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਾਊਦੀ ਅਰਬ ਭਾਰਤ 'ਚ ਨਿਵੇਸ਼ ਲਈ ਵਚਨਬੱਧ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨਾਲ ਮੁਲਾਕਾਤ ਦੌਰਾਨ ਅਬਦੁਲ ਅਜ਼ੀਜ਼ ਨੇ ਇਹ ਭਰੋਸਾ ਦਿੱਤਾ। ਧਰਮਿੰਦਰ ਪ੍ਰਧਾਨ ਇਸ ਸਮੇਂ 3 ਦੇਸ਼ਾਂ ਦੀ ਸਰਕਾਰੀ ਯਾਤਰਾ 'ਤੇ ਹਨ।

ਸਾਊਦੀ ਅਰਬ ਦੇ ਨਵੇਂ ਊਰਜਾ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਪ੍ਰਧਾਨ ਨੇ ਟਵੀਟ ਕਰ ਕੇ ਕਿਹਾ, ''ਸਾਊਦੀ ਅਰਬ ਦੇ ਨਵਨਿਯੁਕਤ ਊਰਜਾ ਮੰਤਰੀ ਐੱਚ. ਆਰ. ਐੱਚ. ਪ੍ਰਿੰਸ ਅਬਦੁਲ ਅਜ਼ੀਜ਼ ਬਿਨ ਸਲਮਾਨ ਨਾਲ ਜੇੱਦਾਹ 'ਚ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਸਾਊਦੀ ਊਰਜਾ ਮੰਤਰਾਲਾ 'ਚ ਪਹਿਲਾਂ ਹੋਈ ਮੁਲਾਕਾਤ ਦੀਆਂ ਯਾਦਾਂ ਤਾਜ਼ਾ ਹੋਈਆਂ।'' ਸਾਊਦੀ ਅਰਬ ਦੇ ਸੁਲਤਾਨ ਸਲਮਾਨ ਨੇ ਪਿਛਲੇ ਹਫ਼ਤੇ ਖਾਲਿਦ ਅਲ-ਫਲਿਹ ਨੂੰ ਓਪੇਕ ਦੇ ਊਰਜਾ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਅਤੇ ਉਨ੍ਹਾਂ ਦੀ ਥਾਂ 'ਤੇ ਆਪਣੇ ਇਕ ਬੇਟੇ ਨੂੰ ਊਰਜਾ ਮੰਤਰੀ ਬਣਾ ਦਿੱਤਾ। ਪ੍ਰਿੰਸ ਅਬਦੁਲ ਅਜ਼ੀਜ਼ ਬਿਨ ਸਲਮਾਨ ਲੰਮੇ ਸਮੇਂ ਤੋਂ ਊਰਜਾ ਮੰਤਰਾਲਾ 'ਚ ਅਧਿਕਾਰੀ ਰਹੇ ਹਨ ਅਤੇ ਉਹ ਯੁਵਰਾਜ ਮੁਹੰਮਦ ਬਿਨ ਸਲਮਾਨ ਦੇ ਮਤਰੇਏ ਭਰਾ ਹਨ। ਪ੍ਰਧਾਨ ਨੇ ਇਕ ਹੋਰ ਟਵੀਟ 'ਚ ਕਿਹਾ, ''ਸਾਊਦੀ ਮੰਤਰੀ ਨੇ ਭਾਰਤ ਨਾਲ ਹਾਈਡ੍ਰੋਕਾਰਬਨ ਸਪਲਾਈ ਖੇਤਰ 'ਚ ਇਕ ਭਰੋਸੇਯੋਗ ਅਤੇ ਲਗਾਤਾਰ ਭਾਈਵਾਲ ਬਣੇ ਰਹਿਣ ਅਤੇ ਭਾਰਤ 'ਚ ਸਾਊਦੀ ਅਰਬ ਨਿਵੇਸ਼ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ।'' ਸਾਊਦੀ ਅਰਬ ਈਰਾਕ ਤੋਂ ਬਾਅਦ ਭਾਰਤ ਦਾ ਦੂਜਾ ਸਭ ਤੋਂ ਵੱਡਾ ਤੇਲ ਸਪਲਾਈਕਰਤਾ ਦੇਸ਼ ਹੈ। ਉਹ ਦੁਨੀਆ ਦੀ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਭਾਰਤ 'ਚ ਜਨਤਕ ਅਤੇ ਨਿੱਜੀ ਖੇਤਰ ਦੀ ਰਿਫਾਇਨਰੀ 'ਚ ਨਿਵੇਸ਼ ਵੀ ਕਰ ਰਿਹਾ ਹੈ।

Karan Kumar

This news is Content Editor Karan Kumar