ਸੰਗੀਤਾ ਰੈੱਡੀ ਬਣੀ FICCI ਦੀ ਚੇਅਰਮੈਨ, ਉਦੈ ਸ਼ੰਕਰ ਬਣੇ ਸੀਨੀਅਰ ਮੀਤ ਪ੍ਰਧਾਨ

12/23/2019 6:25:38 PM

ਨਵੀਂ ਦਿੱਲੀ — ਅਪੋਲੋ ਹਸਪਤਾਲ ਸਮੂਹ ਦੀ ਸੰਯੁਕਤ ਪ੍ਰਬੰਧਕ ਨਿਰਦੇਸ਼ਕ ਸੰਗੀਤਾ ਰੈੱਡੀ ਨੇ ਦੇਸ਼ ਦੀ ਪ੍ਰਮੁੱਖ ਉਦਯੋਗ ਸੰਸਥਾ FICCI ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੂੰ ਸਾਲ 2019-20 ਲਈ ਚੇਅਰਮੈਨ ਵਜੋਂ ਚੁਣਿਆ ਗਿਆ ਹੈ। ਸੰਗੀਤਾ ਰੈਡੀ ਨੂੰ ਐਸਆਈਐਲ ਦੇ ਉਪ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੰਦੀਪ ਸੋਮਾਨੀ ਦੀ ਥਾਂ ਐਫਆਈਸੀਸੀਆਈ ਦੀ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਫਿੱਕੀ ਦੇ ਇਕ ਜਾਰੀ ਬਿਆਨ ਅਨੁਸਾਰ, ਵਾਲਟ ਡਿਜ਼ਨੀ ਕੰਪਨੀ ਏਪੀਏਸੀ ਦੇ ਪ੍ਰੈਜ਼ੀਡੈਂਟ ਅਤੇ ਸਟਾਰ ਐਂਡ ਡਿਜ਼ਨੀ ਇੰਡੀਆ ਦੇ ਚੇਅਰਮੈਨ ਉਦੈ ਸ਼ੰਕਰ ਹੁਣ ਐਫਆਈਸੀਸੀਆਈ ਦੇ ਸੀਨੀਅਰ ਮੀਤ ਪ੍ਰਧਾਨ ਹੋਣਗੇ, ਜਦੋਂਕਿ ਹਿੰਦੁਸਤਾਨ ਯੂਨੀਲੀਵਰ ਲਿਮਟਿਡ (ਐਚਯੂਐਲ) ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੰਜੀਵ ਮਹਿਤਾ ਨੂੰ ਫਿੱਕੀ ਦਾ ਨਵਾਂ ਉਪ ਪ੍ਰਧਾਨ ਚੁਣਿਆ ਗਿਆ ਹੈ।

 

 

ਰੈੱਡੀ ਨੇ ਕਿਹਾ,'ਮੈਂ ਫਿੱਕੀ ਅਤੇ ਦੇਸ਼ ਲਈ ਆਉਣ ਵਾਲੇ ਸਾਲਾਂ ਦੇ ਬਹੁਤ ਖਾਸ ਰਹਿਣ ਦੀ ਉਮੀਦ ਕਰ ਰਹੀ ਹਾਂ। ਸਾਡੀ 92ਵੀਂ ਸਾਲਾਨਾ ਆਮ ਬੈਠਕ 'ਚ ਅਸੀਂ ਭਾਰਤ ਲਈ 5,000 ਅਰਬ ਡਾਲਰ ਦੀ ਅਰਥਵਿਵਸਥਾ ਦਾ ਟੀਚਾ ਹਾਸਲ ਕਰਨ ਲਈ ਕਾਰਜ ਯੋਜਨਾ ਦਾ ਡਰਾਫਟ ਤਿਆਰ ਕੀਤਾ ਹੈ। ਪਿਛਲੇ ਹਫਤੇ ਖਤਮ ਹੋਈ ਸਾਡੀ ਇਸ ਸਾਲਾਨਾ ਆਮ ਬੈਠਕ ਵਿਚ ਕਈ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਭ ਤੋਂ ਮਹੱਤਵਪੂਰਨ ਮੁੱਦਾ ਇਹ ਰਿਹਾ ਕਿ ਹਰ ਕੋਈ ਇਸ ਯੋਜਨਾ ਨਾਲ ਅੱਗੇ ਵਧ ਰਿਹਾ ਹੈ ਕਿ ਦੇਸ਼ ਨੂੰ ਕਿਵੇਂ ਪੰਜ ਹਜ਼ਾਰ ਅਰਬ ਡਾਲਰ ਦੀ ਵਿਵਸਥਾ ਬਣਾਇਆ ਜਾਵੇ।'