ਡਾਓ ਜੋਂਸ ਤੇ S&P 500 ''ਚ ਗਿਰਾਵਟ, ਨੈਸਡੈਕ ਤੇਜ਼ੀ ''ਚ ਬੰਦ

06/27/2019 8:08:40 AM

ਵਾਸ਼ਿੰਗਟਨ— ਇਸ ਹਫਤੇ ਡੋਨਾਲਡ ਟਰੰਪ ਤੇ ਸ਼ੀ ਜਿਨਫਿੰਗ ਵਿਚਕਾਰ ਹੋਣ ਵਾਲੀ ਮੁਲਾਕਾਤ ਨੂੰ ਲੈ ਕੇ ਨਿਵੇਸ਼ਕ ਸਾਵਧਾਨੀ ਵਰਤ ਰਹੇ ਹਨ। ਬੁੱਧਵਾਰ ਨੂੰ ਵੀ ਵਾਲ ਸਟ੍ਰੀਟ 'ਚ ਗਿਰਾਵਟ ਦਰਜ ਕੀਤੀ ਗਈ। ਡਾਓ ਜੋਂਸ ਤੇ ਐੱਸ. ਐਂਡ ਪੀ.-100 ਲਾਲ ਨਿਸ਼ਾਨ 'ਚ ਬੰਦ ਹੋਏ।

 

ਉੱਥੇ ਹੀ, ਨੈਸਡੈਕ ਕੰਪੋਜ਼ਿਟ ਹਰੇ ਨਿਸ਼ਾਨ 'ਚ ਬੰਦ ਹੋਣ 'ਚ ਸਫਲ ਰਿਹਾ। ਐੱਸ. ਐਂਡ ਪੀ.-500 ਇੰਡੈਕਸ 0.1 ਫੀਸਦੀ ਦੀ ਕਮਜ਼ੋਰੀ ਨਾਲ 2,913.78 'ਤੇ ਜਾ ਪੁੱਜਾ। ਲਗਾਤਾਰ ਚੌਥੇ ਦਿਨ ਐੱਸ. ਐਂਡ ਪੀ.-500 'ਚ ਕਾਰੋਬਾਰ ਲਾਲ ਨਿਸ਼ਾਨ 'ਚ ਰਿਹਾ। 30 ਪ੍ਰਮੁੱਖ ਸਟਾਕਸ ਵਾਲੇ ਡਾਓ ਜੋਂਸ ਦੀ ਗੱਲ ਕਰੀਏ ਤਾਂ ਇਹ ਸ਼ੁਰੂ 'ਚ 100 ਅੰਕ ਤਕ ਦੀ ਬੜ੍ਹਤ ਦਰਜ ਕਰਨ ਮਗਰੋਂ ਅਖੀਰ 'ਚ 11.40 ਅੰਕ ਦੀ ਗਿਰਾਵਟ ਨਾਲ 26,536.82 ਦੇ ਪੱਧਰ 'ਤੇ ਬੰਦ ਹੋਇਆ। ਇਸ ਵਿਚਕਾਰ ਨੈਸਡੈਕ ਕੰਪੋਜ਼ਿਟ ਦਾ ਪ੍ਰਦਰਸ਼ਨ ਬਿਹਤਰ ਰਿਹਾ, ਇਹ 0.3 ਫੀਸਦੀ ਦੀ ਮਜਬੂਤੀ ਨਾਲ 7,909.97 ਦੇ ਪੱਧਰ 'ਤੇ ਬੰਦ ਹੋਇਆ। ਮਾਈਕਰੋਨ ਸਟਾਕਸ 'ਚ ਤੇਜ਼ੀ ਨਾਲ ਸੈਮੀਕੰਡਕਟਰ ਸਟਾਕਸ 'ਚ ਮਜਬੂਤੀ ਦੇਖਣ ਨੂੰ ਮਿਲੀ, ਜਿਸ ਨਾਲ ਨੈਸਡੈਕ ਨੂੰ ਬੜ੍ਹਤ ਮਿਲੀ।

ਸੂਤਰਾਂ ਮੁਤਾਬਕ, ਦੋਹਾਂ ਦੇਸ਼ਾਂ ਵਿਚਕਾਰ ਹਾਲ ਹੀ 'ਚ ਵਪਾਰਕ ਮੁੱਦਿਆਂ 'ਤੇ ਗੱਲਬਾਤ ਸ਼ੁਰੂ ਹੋਣ ਨਾਲ ਯੂ. ਐੱਸ., ਚੀਨ ਦੇ 300 ਅਰਬ ਡਾਲਰ ਦੇ ਮਾਲ 'ਤੇ ਲਾਉਣ ਵਾਲੇ ਪ੍ਰਸਤਾਵਿਤ ਟੈਰਿਫ ਨੂੰ ਟਾਲ ਸਕਦਾ ਹੈ। ਹਾਲਾਂਕਿ ਸਟਾਕ ਬਾਜ਼ਾਰ ਨੂੰ ਇਸ 'ਤੇ ਸਾਫ ਤਸਵੀਰ ਦੀ ਉਡੀਕ ਹੈ, ਜਿਸ ਦੇ ਮੱਦੇਨਜ਼ਰ ਉਹ ਸਾਵਧਾਨੀ ਨਾਲ ਖਰੀਦਦਾਰੀ ਕਰ ਰਹੇ ਹਨ।