ਡਾਲਰ ਦੇ ਮੁਕਾਬਲੇ ਰੁਪਿਆ ਮਜ਼ਬੂਤ, ਸੋਨੇ-ਚਾਂਦੀ ਦੇ ਡਿੱਗੇ ਰੇਟ

11/17/2017 3:49:58 PM

ਨਵੀਂ ਦਿੱਲੀ— ਕੌਮਾਂਤਰੀ ਪੱਧਰ 'ਤੇ ਸੋਨੇ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਡਾਲਰ ਦੇ ਮੁਕਾਬਲੇ ਰੁਪਿਆ ਮਜ਼ਬੂਤ ਹੋਣ ਅਤੇ ਗਹਿਣਾ ਮੰਗ ਸੁਸਤ ਰਹਿਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ ਘੱਟ ਗਈ। ਦਰਅਸਲ, ਰੁਪਏ ਦੇ ਮਜ਼ਬੂਤ ਹੋਣ ਨਾਲ ਦਰਾਮਦ ਸਸਤੀ ਹੋ ਜਾਂਦੀ ਹੈ। ਸ਼ੁੱਕਰਵਾਰ ਨੂੰ ਕਾਰੋਬਾਰ ਸ਼ੁਰੂ ਹੋਣ 'ਤੇ ਰੁਪਏ ਨੇ 4 ਸਾਲ ਦੀ ਸਭ ਤੋਂ ਵੱਡੀ ਤੇਜ਼ੀ ਨਾਲ ਸ਼ੁਰੂਆਤ ਕੀਤੀ। ਇਹ ਡਾਲਰ ਦੇ ਮੁਕਾਬਲੇ 60 ਪੈਸੇ ਮਜ਼ਬੂਤ ਹੋ ਕੇ 64.72 ਦੇ ਪੱਧਰ 'ਤੇ ਖੁੱਲ੍ਹਿਆ। ਦੁਪਹਿਰ 3.30 ਵਜੇ ਤਕ ਡਾਲਰ ਦੇ ਮੁਕਾਬਲੇ ਹਾਲਾਂਕਿ ਰੁਪਿਆ 30 ਪੈਸੇ ਦੀ ਮਜ਼ਬੂਤੀ ਨਾਲ 65.01 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਉੱਥੇ ਹੀ, ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ ਵੀਰਵਾਰ ਦੇ ਮੁੱਲ 30,525 ਦੇ ਮੁਕਾਬਲੇ 30,450 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਘਰੇਲੂ ਬਾਜ਼ਾਰ 'ਚ ਲਗਾਤਾਰ ਦੂਜੇ ਦਿਨ ਗਿਰਾਵਟ ਆਈ ਹੈ। ਚਾਂਦੀ ਵੀ ਲਗਾਤਾਰ ਤੀਜੇ ਦਿਨ ਕਮਜ਼ੋਰ ਪਈ ਹੈ। ਇਹ 100 ਰੁਪਏ ਡਿੱਗ ਕੇ 40,550 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।

ਕੌਮਾਂਤਰੀ ਬਾਜ਼ਾਰਾਂ 'ਚ ਸੋਨਾ ਹਾਜ਼ਰ 0.32 ਫੀਸਦੀ ਦੀ ਤੇਜ਼ੀ ਨਾਲ 1,282.56 ਡਾਲਰ ਪ੍ਰਤੀ ਔਂਸ 'ਤੇ ਰਿਹਾ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 4.3 ਡਾਲਰ ਚੜ੍ਹ ਕੇ 1,282.5 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਅਮਰੀਕੀ ਚੋਣਾਂ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੱਖ 'ਚ ਰੂਸੀ ਦਖਲਅੰਦਾਜ਼ੀ ਦੇ ਮਾਮਲੇ 'ਚ ਪਿਛਲੇ ਮਹੀਨੇ ਸੰਮਨ ਜਾਰੀ ਕੀਤੇ ਜਾਣ ਦੀਆਂ ਮੀਡੀਆ ਰਿਪੋਰਟਾਂ ਤੋਂ ਬਾਅਦ ਡਾਲਰ ਕਮਜ਼ੋਰ ਪਿਆ ਹੈ। ਇਸ ਨਾਲ ਸੋਨੇ ਨੂੰ ਸਮਰਥਨ ਮਿਲਿਆ ਹੈ। ਹਾਲਾਂਕਿ ਇਸ ਦੌਰਾਨ ਕੌਮਾਂਤਰੀ ਪੱਧਰ 'ਤੇ ਚਾਂਦੀ ਹਾਜ਼ਰ 0.06 ਫੀਸਦੀ ਡਿੱਗ ਕੇ 17.07 ਡਾਲਰ ਪ੍ਰਤੀ ਔਂਸ 'ਤੇ ਆ ਗਈ।