ਵਿਦੇਸ਼ ਜਾਣ ਦੀ ਬਣਾ ਸਕੋਗੇ ਯੋਜਨਾ, ਇੰਨੇ ਰੁਪਏ ''ਤੇ ਟਿਕ ਸਕਦੈ ਡਾਲਰ!

09/03/2018 4:00:26 PM

ਨਵੀਂ ਦਿੱਲੀ— ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਲੋਕਾਂ ਦੀ ਜੇਬ ਇਸ ਸਾਲ ਜਨਵਰੀ ਦੇ ਮੁਕਾਬਲੇ ਤਾਂ ਢਿੱਲੀ ਹੋਵੇਗੀ ਪਰ ਹੁਣ ਰੁਪਏ ਦੇ ਜ਼ਿਆਦਾ ਡਿੱਗਣ ਦੀ ਸੰਭਾਵਨਾ ਘਟ ਹੈ। ਦਸੰਬਰ ਤਕ ਰੁਪਏ ਦੀ ਕੀਮਤ 'ਚ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ। ਅਰਥਸ਼ਾਸਤਰੀਆਂ ਅਤੇ ਕਰੰਸੀ ਮਾਹਰਾਂ ਦਾ ਕਹਿਣਾ ਹੈ ਕਿ ਰੁਪਏ ਦੇ ਹੁਣ ਹੋਰ ਤੇਜ਼ ਡਿੱਗਣ ਦੀ ਸੰਭਾਵਨਾ ਨਹੀਂ ਹੈ। ਰੁਪਿਆ ਮੌਜੂਦਾ ਪੱਧਰ 'ਤੇ ਸਥਿਰ ਹੋ ਸਕਦਾ ਹੈ ਪਰ ਕੌਮਾਂਤਰੀ ਕਾਰਨਾਂ ਕਰਕੇ ਇਹ 72 ਤੋਂ 72.50 ਰੁਪਏ ਪ੍ਰਤੀ ਡਾਲਰ ਤਕ ਪਹੁੰਚ ਸਕਦਾ ਹੈ। ਦਸੰਬਰ ਤਕ ਡਾਲਰ ਦੀ ਕੀਮਤ ਫਿਰ 70 ਰੁਪਏ ਹੋ ਸਕਦੀ ਹੈ ਕਿਉਂਕਿ ਪ੍ਰਮੁੱਖ ਕੌਮਾਂਤਰੀ ਕਰੰਸੀਆਂ ਦੀ ਤੁਲਨਾ 'ਚ ਡਾਲਰ ਦੇ ਕਮਜ਼ੋਰ ਹੋਣ ਦੇ ਸੰਕੇਤ ਮਿਲ ਰਹੇ ਹਨ ਅਤੇ ਵੱਡੇ ਤੇਲ ਉਤਪਾਦਕ ਦੇਸ਼ਾਂ 'ਚ ਉਤਪਾਦਨ ਵਧਣ ਦੇ ਨਾਲ ਤੇਲ ਦੀ ਸਪਲਾਈ 'ਚ ਸੁਧਾਰ ਹੋ ਰਿਹਾ ਹੈ। ਹਾਲਾਂਕਿ ਇਸ 'ਚ ਸਮਾਂ ਲੱਗੇਗਾ। ਜੇਕਰ ਭਾਰਤੀ ਰਿਜ਼ਰਵ ਬੈਂਕ ਇਸ 'ਚ ਵੱਡਾ ਕਦਮ ਨਹੀਂ ਚੁੱਕਦਾ ਹੈ, ਤਾਂ ਘੱਟੋ-ਘੱਟ ਸਤੰਬਰ ਤਕ ਰੁਪਏ ਦੇ ਮਜਬੂਤ ਹੋਣ ਦੀ ਸੰਭਾਵਨਾ ਨਹੀਂ ਹੈ।

ਮੌਜੂਦਾ ਸਮੇਂ ਅਰਜਟੀਨਾ ਅਤੇ ਤੁਰਕੀ ਦੀਆਂ ਕਰੰਸੀਆਂ ਦਾ ਬੁਰਾ ਹਾਲ ਹੈ। ਉੱਥੇ ਹੀ ਭਾਰਤੀ ਕਰੰਸੀ ਜਨਵਰੀ ਤੋਂ ਹੁਣ ਤਕ ਤਕਰੀਬਨ 10 ਫੀਸਦੀ ਡਿੱਗ ਚੁੱਕੀ ਹੈ। ਸਰਕਾਰੀ ਅਧਿਕਾਰੀ ਕਮਜ਼ੋਰ ਰੁਪਏ ਦੇ ਪੱਖ 'ਚ ਨਜ਼ਰ ਆ ਰਹੇ ਹਨ। ਇਸ ਨਾਲ ਬਰਾਮਦ (ਐਕਸਪੋਰਟ) ਸੁਧਰਨ 'ਚ ਮਦਦ ਮਿਲ ਰਹੀ ਹੈ। ਐੱਚ. ਡੀ. ਐੱਫ. ਸੀ. ਬੈਂਕ 'ਚ ਖਜ਼ਾਨਾ ਪ੍ਰਮੁੱਖ ਅਸ਼ੀਸ਼ ਪਾਰਥਸਾਰਥੀ ਨੇ ਕਿਹਾ ਕਿ ਸਿਰਫ ਰੁਪਏ ਦੀ ਕੀਮਤ ਹੀ ਨਹੀਂ ਡਿੱਗ ਰਹੀ ਸਗੋਂ ਤਮਾਮ ਕਰੰਸੀਆਂ ਡਾਲਰ ਦੇ ਮੁਕਾਬਲੇ ਢੇਰੀ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਘੱਟੋ-ਘੱਟ 2013 ਦੀ ਤੁਲਨਾ 'ਚ ਬਿਹਤਰ ਸਥਿਤੀ 'ਚ ਹਾਂ। ਮਾਹਰਾਂ ਮੁਤਾਬਕ ਡਾਲਰ ਦੇ ਮੁਕਾਬਲੇ ਰੁਪਿਆ ਜਲਦ ਹੀ 70 'ਤੇ ਟਿਕ ਜਾਵੇਗਾ। ਫਾਰੈਕਸਸਰਵ ਦੇ ਪ੍ਰਬੰਧਕ ਨਿਰਦੇਸ਼ ਨੇ ਕਿਹਾ ਕਿ ਦਸੰਬਰ ਤਕ ਰੁਪਿਆ 71.50 ਤੋਂ 72.50 ਡਾਲਰ ਵਿਚਕਾਰ ਹੋ ਸਕਦਾ ਹੈ ਪਰ ਹਾਲ ਫਿਲਹਾਲ ਦੇ ਹਿਸਾਬ ਨਾਲ ਦੇਖੀਏ ਤਾਂ ਉਭਰਦੇ ਬਾਜ਼ਾਰਾਂ ਦੀ ਵਜ੍ਹਾ ਨਾਲ ਰਿਸਕ ਨਜ਼ਰ ਆ ਰਿਹਾ ਹੈ। ਉੱਥੇ ਹੀ ਮਾਹਰਾਂ ਮੁਤਾਬਕ ਕੱਚੇ ਤੇਲ ਦੀ ਕੀਮਤ 70 ਡਾਲਰ ਪ੍ਰਤੀ ਬੈਰਲ ਤਕ ਡਿੱਗ ਸਕਦੀ ਹੈ, ਜਿਸ ਨਾਲ ਕਰੰਸੀ ਨੂੰ ਮਜਬੂਤੀ ਮਿਲੇਗੀ।