16 ਮਾਰਚ ਤੋਂ ਬਦਲ ਜਾਣਗੇ ATM ਤੋਂ ਪੈਸੇ ਕਢਵਾਉਣ ਨਾਲ ਜੁੜੇ ਇਹ ਨਿਯਮ

02/12/2020 2:00:45 PM

ਮੁੰਬਈ — ਬੈਂਕ ਗਾਹਕਾਂ ਲਈ ਬਹੁਤ ਹੀ ਜ਼ਰੂਰੀ ਖਬਰ ਹੈ। 16 ਮਾਰਚ 2020 ਤੋਂ ਪੂਰੇ ਦੇਸ਼ ਵਿਚ ATM ਕਾਰਡ ਰਾਹੀਂ ਪੈਸੇ ਕਢਵਾਉਣ ਦੇ ਨਿਯਮਾਂ ਵਿਚ ਬਦਲਾਅ ਹੋਣ ਜਾ ਰਿਹਾ ਹੈ। ਰਿਜ਼ਰਵ ਬੈਂਕ ਮੁਤਾਬਕ ਡੈਬਿਟ ਕਾਰਡ ਯਾਨੀ ATM ਅਤੇ ਕ੍ਰੈਡਿਟ ਕਾਰਡ ਜ਼ਰੀਏ ਹੋਣ ਵਾਲੀ ਟਰਾਂਜੈਕਸ਼ਨਸ(ਪੈਸਿਆਂ ਦੇ ਲੈਣ-ਦੇਣ) ਨੂੰ ਹੋਰ ਆਸਾਨ ਬਣਾਉਣ ਲਈ ਨਵੇਂ ਨਿਯਮ ਲਾਗੂ ਕੀਤੇ ਜਾਣਗੇ। ਇਸ ਦੇ ਨਾਲ ਹੀ ਖਾਤੇ ਵਿਚ ਜਮ੍ਹਾਂ ਪੈਸਿਆਂ ਨੂੰ ਸੁਰੱਖਿਅਤ ਕਰਨਾ ਵੀ ਇਨ੍ਹਾਂ ਨਵੇਂ ਨਿਯਮਾਂ ਦਾ ਮੁੱਖ ਉਦੇਸ਼ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ 1 ਜਨਵਰੀ 2020 ਤੋਂ ਸਟੇਟ ਬੈਂਕ ਨੇ ATM ਤੋਂ ਨਕਦੀ ਕਢਵਾਉਣ ਸੰਬੰਧੀ ਨਵੇਂ ਨਿਯਮ ਜਾਰੀ ਕੀਤੇ ਸਨ। ਹੁਣ ਸਟੇਟ ਬੈਂਕ ਨੇ ATM 'ਤੇ ਵਨ ਟਾਈਮ ਪਾਸਵਰਡ ਅਧਾਰਿਤ ਕੈਸ਼ ਵਿਦਡ੍ਰਾਲ ਸਿਸਟਮ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ATM ਤੋਂ ਨਕਦੀ ਕਢਵਾਉਣ ਲਈ ਤੁਹਾਨੂੰ ਬੈਂਕ 'ਚ ਰਜਿਸਟਰਡ ਮੋਬਾਈਲ ਨੰਬਰ 'ਤੇ ਆਇਆ ਓ.ਟੀ.ਪੀ. ਦੱਸਣਾ ਹੋਵੇਗਾ। ਇਹ ਨਿਯਮ 10 ਹਜ਼ਾਰ ਤੋਂ ਜ਼ਿਆਦਾ ਤੱਕ ਦਾ ਕੈਸ਼ ਕਢਵਾਉਣ ਲਈ ਲਾਗੂ ਹੋਵੇਗਾ।

1. ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਕਿਹਾ ਹੈ ਕਿ ਕਾਰਡ ਜਾਰੀ ਕਰਨ(Issue)/ਮੁੜ-ਜਾਰੀ ਕਰਨ(re-issue) ਕਰਦੇ ਸਮੇਂ ਦੇਸ਼ ਵਿਚ ATM ਅਤੇ ਪੀ.ਓ.ਐਸ. ਟਰਮਿਨਲਸ 'ਤੇ ਸਿਰਫ ਡੋਮੈਸਟਿਕ ਕਾਰਡਸ ਜ਼ਰੀਏ ਟਰਾਂਜੈਕਸ਼ਨਸ ਨੂੰ ਹੀ ਮਨਜ਼ੂਰੀ ਦਿੱਤੀ ਜਾਵੇ ਯਾਨੀ ਕਿ ਹੁਣ ਜਿਹੜੇ ਲੋਕਾਂ ਨੇ ਵਿਦੇਸ਼ ਆਉਣਾ-ਜਾਣਾ ਨਹੀਂ ਹੁੰਦਾ ਹੈ ਉਨ੍ਹਾਂ ਲਈ ਬੈਂਕ ਕਾਰਡ 'ਤੇ ਓਵਰਸੀਜ਼ ਸਹੂਲਤ ਨਹੀਂ ਦਿੱਤੀ ਜਾਵੇਗੀ। ਹੁਣ ਬੈਂਕ 'ਚ ਬੇਨਤੀ ਕਰਨ 'ਤੇ ਹੀ ਇਹ ਸੇਵਾਵਾਂ ਸ਼ੁਰੂ ਹੋਣਗੀਆਂ। ਹੁਣ ਤੱਕ ਬੈਂਕ ਇਨ੍ਹਾਂ ਸਾਰੀਆਂ ਸੇਵਾਵਾਂ ਨੂੰ ਬਿਨਾਂ ਮੰਗੇ ਵੀ ਸ਼ੁਰੂ ਕਰ ਦਿੰਦੇ ਹਨ।

ਹੁਣ ਜੇਕਰ ਗਾਹਕਾਂ ਨੂੰ ਵਿਦੇਸ਼ ਵਿਚ ਟਰਾਂਜੈਕਸ਼ਨਸ, ਆਨਲਾਈਨ ਟਰਾਂਜੈਕਸ਼ਨਸ ਅਤੇ ਕਾਨਟੈਕਟਲੇਸ ਟਰਾਂਜੈਕਸ਼ਨਸ ਦੀਆਂ ਸੇਵਾਵਾਂ ਦੀ ਜ਼ਰੂਰਤ ਹੋਵੇਗੀ ਤਾਂ ਉਸਨੂੰ ਇਹ ਸਹੂਲਤ ਆਪਣੇ ਕਾਰਡ ਤੋਂ ਇਲਾਵਾ ਵੱਖ ਤੋਂ ਲੈਣੀ ਹੋਵੇਗੀ। ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਹਾਨੂੰ ਵਿਦੇਸ਼ ਵਿਚ ਜਾਂ ਆਨ ਲਾਈਨ ਜਾਂ ਕਾਨਟੈਕਟਲੇਸ ਟਰਾਂਜੈਕਸ਼ਨਸ ਦੀ ਸਹੂਲਤ ਚਾਹੀਦੀ ਹੈ ਤਾਂ ਇਹ ਸੇਵਾ ਵੱਖਰੇ ਤੌਰ 'ਤੇ ਲੈਣੀ ਹੋਵੇਗੀ।

2. ਮੌਜੂਦਾ ਸਮੇਂ 'ਚ ਲੋਕਾਂ ਕੋਲ ਜਿਹੜੇ ਕਾਰਡ ਹਨ ਇਨ੍ਹਾਂ ਕਾਰਡ 'ਤੇ ਜੋਖਮ ਦੇ ਆਧਾਰ 'ਤੇ ਗਾਹਕ ਖੁਦ ਤੈਅ ਕਰਨਗੇ ਕਿ ਉਹ ਆਪਣੇ ਡੋਮੈਸਟਿਕ ਅਤੇ ਇੰਟਰਨੈਸ਼ਨਲ ਕਾਰਡ ਦੇ ਟਰਾਂਜੈਕਸ਼ਨ ਨੂੰ ਡਿਸਏਬਲ ਕਰਨਾ ਚਾਹੁੰਦੇ ਹਨ ਜਾਂ ਨਹੀਂ। ਵੈਸੇ ਅਜਿਹੇ ਕਾਰਡ ਜਿਨ੍ਹਾਂ ਤੋਂ ਅਜੇ ਤੱਕ ਆਨਲਾਈਨ/ਇੰਟਰਨੈਸ਼ਨਲ/ਕਾਨਟੈਕਟਲੇਸ ਟਰਾਂਜੈਕਸ਼ਨਸ ਨਹੀਂ ਹੋਏ ਹਨ ਉਨ੍ਹਾਂ 'ਚ ਇਨ੍ਹਾਂ ਸਹੂਲਤਾਂ ਨੂੰ ਬੰਦ ਕਰਨਾ ਲਾਜ਼ਮੀ ਹੋਵੇਗਾ।

3. ਗਾਹਕ 24 ਘੰਟੇ ਅਤੇ ਸੱਤ ਦਿਨ ਕਿਸੇ ਵੀ ਸਮੇਂ ਆਪਣੇ ਕਾਰਡ ਨੂੰ ਆਨ/ਆਫ ਕਰ ਸਕਦੇ ਹਨ ਜਾਂ ਟਰਾਂਜੈਕਸ਼ਨਸ ਲਿਮਟ ਵਿਚ ਬਦਲਾਅ ਕਰ ਸਕਦੇ ਹਨ। ਇਸ ਲਈ ਮੋਬਾਈਲ ਐਪ ਜਾਂ ਇੰਟਰਨੈੱਟ ਬੈਂਕਿੰਗ ਜਾਂ ATM ਜਾਂ ਆਈ.ਵੀ.ਆਰ. ਦਾ ਸਾਹਾਰਾ ਲੈ ਸਕਦੇ ਹਨ।

4. ਬੈਂਕ ਆਪਣੇ ਗਾਹਕਾਂ ਨੂੰ ਪੀ.ਓ.ਐਸ./ATM/ਆਨ ਲਾਈਨ ਟਰਾਂਜੈਕਸ਼ਨਸ/ਕਾਨਟੈਕਟਲੈੱਸ ਟਰਾਂਜੈਕਸ਼ਨਸ ਲਿਮਟ 'ਚ ਘਰੇਲੂ ਅਤੇ ਵਿਦੇਸ਼ੀ ਦੋਵਾਂ ਲਈ ਹੀ ਬਦਲਾਅ ਕਰਨ ਦੀ ਸਹੂਲਤ ਦੇਣੀ ਹੋਵੇਗੀ। ਇਸ ਦੇ ਨਾਲ ਹੀ ਬੈਂਕਾਂ ਨੂੰ ਕਾਰਡ ਨੂੰ ਸਵਿੱਚ ਆਫ ਅਤੇ ਸਵਿੱਚ ਆਨ ਕਰਨ ਦੀ ਸਹੂਲਤ ਵੀ ਦੇਣੀ ਹੋਵੇਗੀ।

5. ਇਹ ਨਿਯਮ ਪ੍ਰੀਪੇਡ ਗਿਫਟ ਕਾਰਡਸ ਅਤੇ ਮੈਟਰੋ ਕਾਰਡਸ 'ਤੇ ਲਾਗੂ ਨਹੀਂ ਹੋਣਗੇ।