1 ਦਸੰਬਰ ਨੂੰ ਬੈਂਕ ਖਾਤਾਧਾਰਕਾਂ ਨੂੰ ਮਿਲਣ ਜਾ ਰਿਹਾ ਹੈ ਇਹ ਵੱਡਾ ਤੋਹਫ਼ਾ

11/28/2020 7:04:39 PM

ਨਵੀਂ ਦਿੱਲੀ— 1 ਦਸੰਬਰ ਤੋਂ ਆਰ. ਟੀ. ਜੀ. ਐੱਸ. ਟ੍ਰਾਂਜੈਕਸ਼ਨ ਦੀ ਸੁਵਿਧਾ 24 ਘੰਟੇ ਹੋ ਜਾਏਗੀ। ਕੋਰੋਨਾ ਕਾਲ 'ਚ ਆਨਲਾਈਨ ਲੈਣ-ਦੇਣ 'ਚ ਕਾਫ਼ੀ ਤੇਜ਼ੀ ਆਈ ਹੈ। ਵੱਡੀ ਰਕਮ ਦਾ ਆਨਲਾਈਨ ਲੈਣ-ਦੇਣ ਕਰਨ ਵਾਲੇ ਲੋਕਾਂ ਲਈ ਇਹ ਵੱਡੀ ਖ਼ੁਸ਼ਖ਼ਬਰੀ ਹੈ। ਹੁਣ ਤੱਕ ਇਹ 24 ਘੰਟੇ ਨਹੀਂ ਸੀ।

ਮੌਜੂਦਾ ਨਿਯਮਾਂ ਤਹਿਤ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੱਡ ਕੇ ਮਹੀਨੇ ਦੇ ਸਾਰੇ ਕੰਮਕਾਜੀ ਦਿਨਾਂ ਦੌਰਾਨ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੀ 'ਰੀਅਲ ਟਾਈਮ ਗ੍ਰਾਸ ਸੈਟੇਲਮੈਂਟ (ਆਰ. ਟੀ. ਜੀ. ਸੀ.)' ਸੁਵਿਧਾ ਤਹਿਤ ਫੰਡ ਟਰਾਂਸਫਰ ਕੀਤਾ ਜਾ ਸਕਦਾ ਹੈ। ਹੁਣ ਦਸੰਬਰ ਤੋਂ ਗਾਹਕ ਸਾਲ ਭਰ 'ਚ ਕਦੇ ਵੀ ਕਿਸੇ ਵੀ ਸਮੇਂ ਫੰਡ ਟਰਾਂਸਫਰ ਕਰ ਸਕਣਗੇ।

ਇਹ ਵੀ ਪੜ੍ਹੋ-  ਸਰਕਾਰ ਖੁੱਲ੍ਹੇ ਬਾਜ਼ਾਰ 'ਚ 15 ਰੁਪਏ ਤੱਕ ਸਸਤੀ ਵੇਚ ਸਕਦੀ ਹੈ ਦਾਲ

ਇਸ ਸੁਵਿਧਾ ਤਹਿਤ ਵੱਡਾ ਫੰਡ ਤੁਰੰਤ ਟਰਾਂਸਫਰ ਕੀਤਾ ਜਾ ਸਕਦਾ ਹੈ। ਆਰ. ਟੀ. ਜੀ. ਐੱਸ. ਜ਼ਰੀਏ ਘੱਟੋ-ਘੱਟ 2 ਲੱਖ ਰੁਪਏ ਤੱਕ ਦਾ ਫੰਡ ਟਰਾਂਸਫਰ ਕੀਤਾ ਜਾ ਸਕਦਾ ਹੈ। ਇਸ ਤੋਂ ਉਪਰ ਕਿੰਨਾ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ, ਬੈਂਕਾਂ ਨੇ ਆਮ ਤੌਰ 'ਤੇ ਵੱਧ ਤੋਂ ਵੱਧ ਲਿਮਟ 10 ਲੱਖ ਰੁਪਏ ਤੱਕ ਰੱਖੀ ਹੈ। ਆਰ. ਬੀ. ਆਈ. ਨੇ ਇਹ ਸੁਵਿਧਾ 24 ਘੰਟੇ ਕਰਨ ਦਾ ਫ਼ੈਸਲਾ ਵੱਡੇ ਲੈਣ-ਦੇਣ ਜਾਂ ਮੋਟਾ ਫੰਡ ਟਰਾਂਸਫਰ ਕਰਨ ਵਾਲਿਆਂ ਨੂੰ ਧਿਆਨ 'ਚ ਰੱਖ ਕੇ ਕੀਤਾ ਹੈ। ਗੌਰਤਲਬ ਹੈ ਕਿ ਇਕ ਬੈਂਕ ਤੋਂ ਦੂਜੇ ਬੈਂਕ ਖਾਤੇ 'ਚ ਪੈਸੇ ਭੇਜਣ ਦੇ ਕਈ ਸਾਰੇ ਬਦਲ ਮੌਜੂਦ ਹਨ। ਇਨ੍ਹਾਂ 'ਚ ਸਭ ਤੋਂ ਪ੍ਰਸਿੱਧ ਆਰ. ਟੀ. ਜੀ. ਐੱਸ., ਐੱਨ. ਈ. ਐੱਫ. ਟੀ. ਅਤੇ ਆਈ. ਐੱਮ. ਪੀ. ਐੱਸ. ਹਨ। ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ (ਐੱਨ. ਈ. ਐੱਫ. ਟੀ.) ਸੁਵਿਧਾ 16 ਦਸੰਬਰ, 2019 ਤੋਂ ਹੀ 24 ਘੰਟੇ ਹੋ ਚੁੱਕੀ ਹੈ।

ਇਹ ਵੀ ਪੜ੍ਹੋ- ਵੱਡੀ ਰਾਹਤ! ਗੱਡੀ ਦੀ RC ਨੂੰ ਲੈ ਕੇ ਬਦਲਣ ਜਾ ਰਿਹਾ ਹੈ ਹੁਣ ਇਹ ਨਿਯਮ

Sanjeev

This news is Content Editor Sanjeev