2 ਹਜ਼ਾਰ ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਖ਼ਬਰ, RBI ਨੇ ਕੀਤਾ ਇਹ ਖ਼ੁਲਾਸਾ

08/25/2020 2:43:23 PM

ਨਵੀਂ ਦਿੱਲੀ—  2,000 ਰੁਪਏ ਦੇ ਨੋਟਾਂ ਨੂੰ ਲੈ ਕੇ ਲਗਾਤਾਰ ਚਰਚਾ ਗਰਮ ਰਹੀ ਹੈ ਕਿ ਨੋਟ ਕਦੇ ਵੀ ਬੰਦ ਕੀਤੇ ਜਾ ਸਕਦੇ ਹਨ। ਹਾਲਾਂਕਿ, ਇਸ ਤਰ੍ਹਾਂ ਦੀ ਚਰਚਾ ਪੂਰੀ ਤਰ੍ਹਾਂ ਕਾਲਪਨਿਕ ਰਹੀ ਹੈ ਪਰ ਇਸ ਵਿਚਕਾਰ ਇਨ੍ਹਾਂ ਨੋਟਾਂ ਨੂੰ ਲੈ ਕੇ ਭਾਰਤੀ ਰਿਜ਼ਰਵ ਬੈਂਕ ਨੇ ਵੱਡਾ ਖ਼ੁਲਾਸਾ ਕੀਤਾ ਹੈ। ਜਿਸ ਦਾ ਮਤਲਬ ਹੈ ਕਿ ਸਿਸਟਮ 'ਚ ਹੌਲੀ-ਹੌਲੀ ਇਨ੍ਹਾਂ ਨੋਟਾਂ ਨੂੰ ਘੱਟ ਕੀਤਾ ਜਾ ਰਿਹਾ ਹੈ।

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ ਵਿੱਤੀ ਸਾਲ 2019-20 'ਚ ਇਕ ਵੀ 2,000 ਰੁਪਏ ਦਾ ਕਰੰਸੀ ਨੋਟ ਨਹੀਂ ਛਾਪਿਆ ਗਿਆ ਹੈ। ਆਰ. ਬੀ. ਆਈ. ਨੇ ਆਪਣੀ ਸਾਲਾਨਾ ਰਿਪੋਰਟ 'ਚ ਇਹ ਵੀ ਕਿਹਾ ਹੈ ਕਿ ਸਿਸਟਮ 'ਚ 2,000 ਰੁਪਏ ਦੇ ਨੋਟਾਂ ਦੀ ਗਿਣਤੀ 2018 ਤੋਂ ਹੌਲੀ-ਹੌਲੀ ਘੱਟ ਹੋਈ ਹੈ।

ਆਰ. ਬੀ. ਆਈ. ਨੇ ਰਿਪੋਰਟ 'ਚ ਕਿਹਾ ਕਿ ਮਾਰਚ 2018 ਤੱਕ ਬਾਜ਼ਾਰ 'ਚ 2,000 ਰੁਪਏ ਦੇ ਨੋਟਾਂ ਦੀ ਗਿਣਤੀ 33,632 ਲੱਖ ਸੀ, ਜੋ ਮਾਰਚ 2019 ਦੇ ਖ਼ਤਮ ਹੋਣ ਤੱਕ 32,910 ਲੱਖ ਰਹਿ ਗਈ ਤੇ ਮਾਰਚ 2020 ਦੇ ਅੰਤ ਤੱਕ ਹੋਰ ਘੱਟ ਕੇ 27,398 ਲੱਖ ਰਹਿ ਗਈ। ਸਿਸਟਮ 'ਚ ਚੱਲ ਰਹੇ ਕੁੱਲ ਨੋਟਾਂ ਦੀ ਗਿਣਤੀ 'ਚ 2,000 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ ਮਾਰਚ 2020 ਦੇ ਅਖੀਰ ਤੱਕ ਘੱਟ ਕੇ 2.4 ਫੀਸਦੀ 'ਤੇ ਆ ਗਈ। ਮਾਰਚ 2019 ਦੇ ਅੰਤ ਤੱਕ ਕੁੱਲ ਨੋਟਾਂ ਦੀ ਗਿਣਤੀ 'ਚ ਇਨ੍ਹਾਂ ਦਾ ਹਿੱਸਾ 3 ਫੀਸਦੀ ਤੇ ਮਾਰਚ 2018 'ਚ 3.3 ਫੀਸਦੀ ਸੀ। ਮੁੱਲ ਦੇ ਹਿਸਾਬ ਨਾਲ ਵੀ 2,000 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ ਘਟੀ ਹੈ।
 

500 ਤੇ 200 ਰੁਪਏ ਦੇ ਨੋਟਾਂ ਦੀ ਛਪਾਈ ਵਧੀ
500 ਰੁਪਏ ਦੇ ਬੈਂਕ ਨੋਟਾਂ ਦੀ ਹਿੱਸੇਦਾਰੀ 'ਚ ਤੇਜ਼ ਵਾਧੇ ਨਾਲ ਮੁੱਲ ਅਤੇ ਗਿਣਤੀ ਦੇ ਸਦੰਰਭ 'ਚ 500 ਤੇ 200 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ ਕੁੱਲ ਬੈਂਕ ਨੋਟਾਂ 'ਚ ਮਾਰਚ 2020 ਤੱਕ 83.4 ਫੀਸਦੀ ਹੋ ਗਈ। ਵਿੱਤੀ ਸਾਲ 2018 ਤੋਂ 500 ਅਤੇ 200 ਰੁਪਏ ਦੇ ਨੋਟਾਂ ਦੀ ਛਪਾਈ ਵਧੀ ਹੈ। ਆਰ. ਬੀ. ਆਈ. ਨੇ ਕਿਹਾ ਕਿ 2019-20 'ਚ 500 ਰੁਪਏ ਦੇ 1,463 ਕਰੋੜ ਨੋਟਾਂ ਦੀ ਛਪਾਈ ਲਈ ਆਰਡਰ ਦਿੱਤੇ ਗਏ ਸਨ, ਜਿਨ੍ਹਾਂ 'ਚੋਂ 1,200 ਕਰੋੜ ਨੋਟਾਂ ਦੀ ਸਪਲਾਈ ਕੀਤੀ ਗਈ। ਇਸ ਦੀ ਤੁਲਨਾ 'ਚ 2018-19 'ਚ 1,169 ਕਰੋੜ ਨੋਟਾਂ ਦੀ ਛਪਾਈ ਦੇ ਆਰਡਰ 'ਤੇ 1,147 ਕਰੋੜ ਨੋਟਾਂ ਦੀ ਸਪਲਾਈ ਕੀਤੀ ਗਈ ਸੀ।

Sanjeev

This news is Content Editor Sanjeev