ਸਟੇਸ਼ਨਾਂ ''ਤੇ ਹੁਣ ਪਲਾਸਟਿਕ ਬੈਨ, 2 Oct ਤੋਂ ਲੱਗ ਜਾਵੇਗੀ ਪਾਬੰਦੀ

08/21/2019 3:47:31 PM

ਨਵੀਂ ਦਿੱਲੀ—  ਜਲਦ ਹੀ ਸਟੇਸ਼ਨਾਂ 'ਤੇ ਪਲਾਸਟਿਕ 'ਤੇ ਪਾਬੰਦੀ ਲਾਗੂ ਹੋਣ ਜਾ ਰਹੀ ਹੈ। ਰੇਲਵੇ ਬੋਰਡ ਨੇ ਆਪਣੇ ਜ਼ੋਨਲ ਦਫਤਰਾਂ ਨੂੰ 2 ਅਕਤੂਬਰ ਤੋਂ ਸਾਰੇ ਸਟੇਸ਼ਨਾਂ 'ਤੇ ਸਖਤੀ ਨਾਲ ਪਲਾਸਟਿਕ 'ਤੇ ਰੋਕ ਲਾਉਣ ਲਈ ਕਿਹਾ ਹੈ।ਇਕ ਸਰਕੂਲਰ 'ਚ ਰੇਲਵੇ ਬੋਰਡ ਨੇ ਸਾਰੇ ਜ਼ੋਨਲ ਰੇਲਵੇ ਦਫਤਰਾਂ ਨੂੰ ਸਿੰਗਲ-ਯੂਜ਼ ਪਲਾਸਟਿਕ 'ਤੇ ਪਾਬੰਦੀ ਲਾਗੂ ਕਰਨ ਦੇ ਹੁਕਮ ਦਿੱਤੇ ਹਨ।
 


ਬੋਰਡ ਨੇ ਕਿਹਾ ਹੈ ਕਿ ਸਾਰੇ ਵਿਕਰੇਤਾਵਾਂ ਨੂੰ ਪਲਾਸਟਿਕ ਬੈਗ ਦੀ ਵਰਤੋਂ ਤੋਂ ਬਚਣ ਲਈ ਉਤਸ਼ਾਹਤ ਕੀਤਾ ਜਾਵੇ। ਉੱਥੇ ਹੀ, ਸਟਾਫ ਵੀ ਦੁਬਾਰਾ ਵਰਤੋਂ 'ਚ ਆਉਣ ਵਾਲੇ ਸਸਤੇ ਪਲਾਸਟਿਕ ਬੈਗਾਂ ਦਾ ਹੀ ਇਸਤੇਮਾਲ ਕਰੇ ਅਤੇ ਸੰਭਵ ਹੋ ਸਕੇ ਤਾਂ ਜ਼ਿਆਦਾਤਰ ਮਾਮਲਿਆਂ 'ਚ ਪਲਾਸਟਿਕ ਦਾ ਇਸਤੇਮਾਲ ਨਾ ਹੀ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਸਿੰਗਲ-ਯੂਜ਼ ਪਲਾਸਟਿਕ 'ਤੇ ਪਾਬੰਦੀ ਲਾਉਣ ਦੀ ਗੱਲ ਕਹੀ ਸੀ।

ਉੱਥੇ ਹੀ, ਸਰਕਾਰ ਨੇ ਵੀ ਪਲਾਸਟਿਕ ਨੂੰ ਬਾਹਰ ਦਾ ਰਸਤਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਕ, ਹੁਣ ਦੁੱਧ, ਦਹੀਂ ਤੇ ਲੱਸੀ ਪਲਾਸਟਿਕ ਦੀ ਪੈਕਿੰਗ 'ਚ ਨਹੀਂ ਮਿਲਣਗੇ। ਸਰਕਾਰ ਇਕ ਵਾਰ ਇਸਤੇਮਾਲ ਹੋਣ ਵਾਲੇ ਪਲਾਸਟਿਕ ਨੂੰ ਬੰਦ ਕਰਨ ਜਾ ਰਹੀ ਹੈ। ਵਿਦੇਸ਼ਾਂ 'ਚ ਵੀ ਕੱਚ ਦੀ ਬੋਤਲ ਜਾਂ ਕੰਟੇਨਰਾਂ 'ਚ ਦੁੱਧ ਮਿਲਦਾ ਹੈ। ਇਸ ਦੇ ਇਲਾਵਾ ਪ੍ਰਧਾਨ ਮੰਤਰੀ ਵੱਲੋਂ ਲਾਲ ਕਿਲ੍ਹੇ ਤੋਂ ਕੀਤੀ ਗਈ ਅਪੀਲ 'ਤੇ ਅਮਲ ਕਰਦਿਆਂ ਸੰਸਦ ਭਵਨ 'ਚ ਇਕ ਵਾਰ ਇਸਤੇਮਾਲ ਹੋਣ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ 'ਤੇ ਰੋਕ ਲਾ ਦਿੱਤੀ ਗਈ ਹੈ।