ਦੁੱਧ, ਸਬਜ਼ੀਆਂ ਅਤੇ ਫਲਾਂ ਸਮੇਤ ਆਮ ਜ਼ਰੂਰਤਾਂ ਦੀਆਂ ਚੀਜ਼ਾਂ ਦੇ ਰੇਟ ਵਧੇ

03/25/2020 1:31:54 AM

ਨਵੀਂ ਦਿੱਲੀ (ਇੰਟ.)-ਕੋਰੋਨਾ ਵਾਇਰਸ ਦਾ ਅਸਰ ਹੁਣ ਲੋਕਾਂ ਦੀ ਜੇਬ 'ਤੇ ਵੀ ਪੈਣ ਲੱਗਾ ਹੈ। ਪਿਛਲੇ ਕੁਝ ਦਿਨਾਂ ਵਿਚ ਆਮ ਜ਼ਰੂਰਤਾਂ ਦੀਆਂ ਚੀਜ਼ਾਂ ਦੇ ਨਾਲ ਖੁਰਾਕੀ ਪਦਾਰਥਾਂ ਦੇ ਵੀ ਰੇਟ ਵਧ ਗਏ ਹਨ। ਖੁਦ ਸਰਕਾਰ ਦੇ ਅੰਕੜੇ ਦੱਸਦੇ ਹਨ ਕਿ ਖਾਣ-ਪੀਣ ਦੀਆਂ ਚੀਜ਼ਾਂ ਦੇ ਰੇਟਾਂ ਵਿਚ ਪਿਛਲੇ ਇਕ ਹਫਤੇ ਤੇ ਐਤਵਾਰ ਨੂੰ ਜਨਤਾ ਕਰਫਿਊ ਤੋਂ ਬਾਅਦ ਵਾਧਾ  ਹੋਇਆ ਹੈ।
ਖਪਤਕਾਰ ਮੰਤਰਾਲਾ ਅਨੁਸਾਰ ਪਿਛਲੇ ਇਕ ਹਫਤੇ ਦੌਰਾਨ ਦਾਲਾਂ, ਸਬਜ਼ੀਆਂ ਤੇ ਖੁਰਾਕੀ ਤੇਲਾਂ ਦੀਆਂ ਕੀਮਤਾਂ ਵਿਚ ਵਾਧਾ ਦਰਜ ਹੋਇਆ ਹੈ। ਪ੍ਰਚੂਨ ਬਾਜ਼ਾਰ ਵਿਚ ਇਹ ਵਾਧਾ ਹੋਰ ਜ਼ਿਆਦਾ ਹੈ। ਬਾਜ਼ਾਰ ਨਾਲ ਜੁੜੇ ਜਾਣਕਾਰ ਮੰਨਦੇ ਹਾਂ ਕਿ ਦਿੱਲੀ ਵਿਚ 31 ਮਾਰਚ ਤਕ ਬਾਜ਼ਾਰ ਬੰਦ ਹੋਣ ਨਾਲ ਦੂਜੇ ਸੂਬਿਆਂ ਵਿਚ ਸਪਲਾਈ ਤੇ ਮੰਗ ਦਾ ਸੰਤੁਲਨ ਵਿਗੜ ਸਕਦਾ ਹੈ। ਇਸਦੀ ਵਜ੍ਹਾ ਨਾਲ ਖਾਣ-ਪੀਣ ਦੀਆਂ ਚੀਜ਼ਾਂ ਦੇ ਰੇਟ ਹੋਰ ਵਧ ਸਕਦੇ ਹਨ।

ਅਰਹਰ ਦੀ ਦਾਲ 'ਚ 5 ਤੋਂ 6 ਰੁਪਏ ਕਿਲੋ ਤਕ ਦਾ ਵਾਧਾ
ਸਰਕਾਰ ਦੇ ਮੁੱਲ ਨਿਗਰਾਨੀ ਵਿਭਾਗ ਮੁਤਾਬਕ ਦਾਲਾਂ ਦੀਆਂ ਕੀਮਤਾਂ ਵਿਚ ਅਰਹਰ ਦੀ ਦਾਲ ਵਿਚ 5 ਤੋਂ 6 ਰੁਪਏ ਕਿਲੋ ਤਕ ਵਾਧਾ ਹੋਇਆ ਹੈ। ਬਾਜ਼ਾਰ ਵਿਚ ਇਹ ਵਾਧਾ 10 ਰੁਪਏ ਪ੍ਰਤੀ ਕਿਲੋ ਤਕ ਹੈ। ਅੰਕੜੇ ਦੱਸਦੇ ਹਨ ਕਿ ਪਿਛਲੇ ਸਾਲ ਮੁਤਾਬਕ ਅਰਹਰ ਜਾਂ ਤੂਅਰ ਦੀ ਦਾਲ ਦੀ ਕੀਮਤ 20 ਰੁਪਏ ਤੋਂ ਵਧ ਵਧੀ ਹੈ। ਸੋਮਵਾਰ (23 ਮਾਰਚ ) ਨੂੰ ਅਰਹਰ ਦੀਆਂ ਕੀਮਤਾਂ ਸ਼੍ਰੀਨਗਰ ਤੇ ਹਰਿਦੁਆਰ ਵਿਚ 95 ਰੁਪਏ ਕਿਲੋ ਤਕ ਪਹੁੰਚ ਗਈ। ਇਸ ਤਰ੍ਹਾਂ ਮਾਂਹ ਤੇ ਮੂੰਗੀ ਦੀ ਦਾਲ ਦੀਆਂ ਕੀਮਤਾਂ ਵਿਚ ਵੀ ਕਾਫੀ ਵਾਧਾ ਹੋਇਆ ਹੈ।

ਖੁਰਾਕੀ ਤੇਲ 'ਚ ਜ਼ਬਰਦਸਤ ਵਾਧੇ ਦਾ ਰੁਝਾਨ
ਖੁਰਾਕੀ ਤੇਲ ਦੀਆਂ ਕੀਮਤਾਂ ਵਿਚ ਵੀ ਜ਼ਬਰਦਸਤ ਵਾਧੇ ਦਾ ਰੁਝਾਨ ਹੈ। ਸਰ੍ਹੋਂ ਤੇ ਬਨਸਪਤੀ ਦੀ ਕੀਮਤ 5 ਰੁਪਏ ਪ੍ਰਤੀ ਕਿਲੋ ਤਕ ਸਰਕਾਰੀ ਅੰਕੜਿਆਂ ਵਿਚ ਵਧੀ ਹੈ। ਬਾਜ਼ਾਰ ਵਿਚ ਇਹ ਵਾਧਾ 10 ਰੁਪਏ ਪ੍ਰਤੀ  ਕਿਲੋ ਸੀ। ਕਣਕ ਦੇ ਆਟੇ ਤੇ ਚੌਲਾਂ ਦੀ ਕੀਮਤ ਵੀ ਵਧੀ ਹੈ। ਦੂਜੇ ਪਾਸੇ ਆਵਾਜਾਈ ਘੱਟ ਜਾਂ ਲਗਭਗ ਬੰਦ ਹੋਣ ਨਾਲ ਸਥਾਨਕ ਪੱਧਰ 'ਤੇ ਰੇਟ ਘੱਟ ਹੋਏ ਹਨ।

Karan Kumar

This news is Content Editor Karan Kumar