ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਦੇਖ ਕੇ ਖਰੀਦਦਾਰਾਂ ਦੇ ਛੁੱਟੇ ਪਸੀਨੇ, ਇਕ ਝਟਕੇ ’ਚ ਅਸਮਾਨ ’ਤੇ ਪਹੁੰਚੀਆਂ ਕੀਮਤਾਂ

10/05/2022 11:02:54 AM

ਨਵੀਂ ਦਿੱਲੀ (ਭਾਸ਼ਾ) – ਦੁਸਹਿਰੇ ਤੋਂ ਠੀਕ ਇਕ ਦਿਨ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਰਿਕਾਰਡ ਤੇਜ਼ੀ ਦੇਖਣ ਨੂੰ ਮਿਲੀ ਹੈ। ਇਕ ਦਿਨ ’ਚ ਹੀ ਸੋਨੇ ਦੀ ਕੀਮਤ ’ਚ 850 ਰੁਪਏ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਚਾਂਦੀ ਵੀ 4000 ਰੁਪਏ ਮਹਿੰਗੀ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਬਦਲਦੇ ਕੌਮਾਂਤਰੀ ਮਾਹੌਲ ਅਤੇ ਅਮਰੀਕਾ ’ਚ ਮੰਦੀ ਦੀ ਆਹਟ ਦਰਮਿਆਨ ਸੋਨੇ ਅਤੇ ਚਾਂਦੀ ਦੀ ਕੀਮਤ ’ਚ ਅੱਗੇ ਵੀ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ।

ਕੌਮਾਂਤਰੀ ਬਾਜ਼ਾਰ ’ਚ ਤੇਜ਼ੀ ਦੇ ਰੁਖ ਦਰਮਿਆਨ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 850 ਰੁਪਏ ਉਛਲ ਕੇ 53,100 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਇਸ ਨੂੰ ਇਸ ਸਾਲ ਦੀ ਸਭ ਤੋਂ ਵੱਡੀ ਤੇਜ਼ੀ ਦੱਸਿਆ ਜਾ ਰਿਹਾ ਹੈ। ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ ’ਚ ਪੀਲੀ ਧਾਤੂ ਦਾ ਭਾਅ 52,250 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਮੁਤਾਬਕ ਸੋਨੇ ਵਾਂਗ ਚਾਂਦੀ ਵੀ 4000 ਰੁਪਏ ਦੀ ਜ਼ੋਰਦਾਰ ਤੇਜ਼ੀ ਨਾਲ 63,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ। ਪਿਛਲੇ ਦਿਨ ਦੇ ਕਾਰੋਬਾਰ ’ਚ ਇਹ 59,000 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ ਸੀ।

ਇਹ ਵੀ ਪੜ੍ਹੋ : Air India ਦੇ ਜਹਾਜ਼ 'ਚ ਮਿਲਣਗੇ ਆਲੂ ਦੇ ਪਰੌਂਠੇ, ਜਾਣੋ ਨਵੇਂ ‘ਮੈਨਿਊ’ 'ਚ ਹੋਰ ਕੀ-ਕੀ

ਇੰਟਰਨੈਸ਼ਨਲ ਮਾਰਕੀਟ ’ਚ ਵੀ ਤੇਜ਼ੀ

ਕੌਮਾਂਤਰੀ ਬਾਜ਼ਾਰ ’ਚ ਸੋਨਾ ਲਾਭ ਨਾਲ 1,710 ਡਾਲਰ ਪ੍ਰਤੀ ਓਂਸ ’ਤੇ ਰਿਹਾ। ਚਾਂਦੀ ਵੀ ਬੜ੍ਹਤ ਨਾਲ 20.99 ਰੁਪਏ ਡਾਲਰ ਪ੍ਰਤੀ ਓਂਸ ’ਤੇ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਖੋਜ ਵਿਸ਼ਲੇਸ਼ਕ ਦਿਲੀਪ ਪਰਮਾਰ ਨੇ ਕਿਹਾ,‘‘ਅਮਰੀਕੀ ਸਕਿਓਰਿਟੀਜ਼ ਦੇ ਪ੍ਰਤੀਫਲ ਅਤੇ ਡਾਲਰ ਸੂਚਕ ਅੰਕ ਦੇ ਲਗਾਤਾਰ ਹੇਠਾਂ ਆਉਣ ਨਾਲ ਜਿਣਸ ਬਾਜ਼ਾਰ (ਕਾਮੈਕਸ) ਵਿਚ ਸੋਨੇ ’ਚ ਤੇਜ਼ੀ ਰਹੀ।’’

ਸੋਨਾ ਵਾਅਦਾ ਕੀਮਤਾਂ ’ਚ ਤੇਜ਼ੀ

ਮਜ਼ਬੂਤ ਹਾਜ਼ਰ ਮੰਗ ਦਰਮਿਆਨ ਕਾਰੋਬਾਰੀਆਂ ਦੇ ਸੌਦੇ ਵਧਾਏ ਜਾਣ ਨਾਲ ਮੰਗਲਵਾਰ ਨੂੰ ਸੋਨੇ ਦਾ ਵਾਅਦਾ ਭਾਅ 275 ਰੁਪਏ ਚੜ੍ਹ ਕੇ 51,435 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਮਲਟੀ ਕਮੋਡਿਟੀ ਐਕਸਚੇਂਜ ’ਚ ਸੋਨੇ ਦਾ ਦਸੰਬਰ ਸਪਲਾਈ ਵਾਲਾ ਕਾਂਟ੍ਰੈਕਟ 275 ਰੁਪਏ ਜਾਂ 0.54 ਫੀਸਦੀ ਦੀ ਬੜ੍ਹਤ ਨਾਲ 51,435 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਸੀ। ਇਸ ’ਚ 18,186 ਲਾਟ ਲਈ ਕਾਰੋਬਾਰ ਹੋਇਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਕਾਰੋਬਾਰੀਆਂ ਵਲੋਂ ਤਾਜ਼ਾ ਸੌਦਿਆਂ ਦੀ ਖਰੀਦਦਾਰੀ ਕਰਨ ਨਾਲ ਸੋਨਾ ਵਾਅਦਾ ਕੀਮਤਾਂ ’ਚ ਤੇਜੀ਼ ਆਈ। ਗਲੋਬਲ ਪੱਧਰ ’ਤੇ ਨਿਊਯਾਰਕ ’ਚ ਸੋਨਾ 1.01 ਫੀਸਦੀ ਦੀ ਤੇਜ਼ੀ ਨਾਲ 1,719.20 ਡਾਲਰ ਪ੍ਰਤੀ ਓਂਸ ’ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ : ਗੌਤਮ ਅਡਾਨੀ ਤੇ ਮਸਕ ਦੀ ਜਾਇਦਾਦ 'ਚ ਇਕ ਦਿਨ 'ਚ 25.1 ਅਰਬ ਡਾਲਰ ਦੀ ਗਿਰਾਵਟ, ਮੂਧੇ-ਮੂੰਹ ਡਿੱਗੇ ਸ਼ੇਅਰ

ਚਾਂਦੀ ਦਾ ਵਾਅਦਾ ਭਾਅ 756 ਰੁਪਏ ਚੜ੍ਹਿਆ

ਮਜ਼ਬੂਤ ਹਾਜ਼ਰ ਮੰਗ ਨਾਲ ਕਾਰੋਬਾਰੀਆਂ ਦੇ ਆਪਣੇ ਸੌਦੇ ਵਧਾਏ ਜਾਣ ਨਾਲ ਵਾਅਦਾ ਬਾਜ਼ਾਰ ’ਚ ਮੰਗਲਵਾਰ ਨੂੰ ਚਾਂਦੀ ਦੀ ਕੀਮਤ 756 ਰੁਪਏ ਦੀ ਤੇਜ਼ੀ ਨਾਲ 61,667 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ। ਮਲਟੀ ਕਮੋਡਿਟੀ ਐਕਸਚੇਂਜ ’ਚ ਦਸੰਬਰ ਮਹੀਨੇ ’ਚ ਡਲਿਵਰੀ ਵਾਲੇ ਚਾਂਦੀ ਦੇ ਕਾਂਟ੍ਰੈਕਟ ਦੀ ਕੀਮਤ 756 ਰੁਪਏ ਯਾਨੀ 1.24 ਫੀਸਦੀ ਦੀ ਤੇਜ਼ੀ ਨਾਲ 11,980 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਇਸ ’ਚ 15,999 ਲਾਟ ਲਈ ਕਾਰੋਬਾਰ ਹੋਇਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਘਰੇਲੂ ਬਾਜ਼ਾਰ ’ਚ ਤੇਜ਼ੀ ਦੇ ਰੁਖ ਕਾਰਨ ਕਾਰੋਬਾਰੀਆਂ ਦੀ ਤਾਜ਼ਾ ਸੌਦਿਆਂ ਦੀ ਖਰੀਦਦਾਰੀ ਨਾਲ ਚਾਂਦੀ ਵਾਅਦਾ ਕੀਮਤਾਂ ’ਚ ਤੇਜੀ਼ ਆਈ। ਗਲੋਬਲ ਪੱਧਰ ’ਤੇ ਨਿਊਯਾਰਕ ’ਚ ਚਾਂਦੀ 2.19 ਫੀਸਦੀ ਦੀ ਤੇਜੀ਼ ਨਾਲ 21.04 ਡਾਲਰ ਪ੍ਰਤੀ ਓਂਸ ਹੋ ਗਈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ FM ਰੇਡੀਓ Phase-III ਨੀਤੀ ਦਿਸ਼ਾ-ਨਿਰਦੇਸ਼ਾਂ 'ਚ ਸੋਧਾਂ ਨੂੰ ਦਿੱਤੀ ਮਨਜ਼ੂਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur