ਡਾਊਨਲੋਡ ਸਪੀਡ ਮਾਮਲੇ ''ਚ ਰਿਲਾਇੰਸ ਜਿਓ ਨੰਬਰ ਵਨ, ਅਪਲੋਡ ਸਪੀਡ ਮਾਮਲੇ ''ਚ ਇਸ ਕੰਪਨੀ ਨੇ ਮਾਰੀ ਬਾਜ਼ੀ

09/18/2019 10:27:43 AM

ਨਵੀਂ ਦਿੱਲੀ — ਰਿਲਾਇੰਸ ਜੀਓ ਨੇ 4ਜੀ ਡਾਊਨਲੋਡ ਸਪੀਡ ਦੇ ਮਾਮਲੇ 'ਚ ਆਪਣੀ ਨੰਬਰ 1 ਸਥਿਤੀ ਨੂੰ ਬਰਕਰਾਰ ਰੱਖਿਆ ਹੈ। ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਓ ਨੇ 4-ਜੀ ਔਸਤ ਡਾਊਨਲੋਡ ਸਪੀਡ ਦੇ ਮਾਮਲੇ ’ਚ ਆਪਣੀਆਂ ਮੁਕਾਬਲੇਬਾਜ਼ ਕੰਪਨੀਆਂ ਨੂੰ ਲਗਾਤਾਰ 20ਵੇਂ ਮਹੀਨੇ (ਅਗਸਤ-2019) ਕਾਫ਼ੀ ਪਿੱਛੇ ਛੱਡ ਦਿੱਤਾ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੇ ਅੱਜ ਜਾਰੀ 4-ਜੀ ਔਸਤ ਡਾਊਨਲੋਡ ਸਪੀਡ ਅੰਕੜਿਆਂ ’ਚ ਰਿਲਾਇੰਸ ਜਿਓ ਆਪਣੀਆਂ ਮੁਕਾਬਲੇਬਾਜ਼ ਕੰਪਨੀਆਂ ਵੋਡਾਫੋਨ-ਆਈਡੀਆ ਨਾਲੋਂ ਲਗਭਗ 3 ਗੁਣਾ ਅਤੇ ਏਅਰਟੈੱਲ ਨਾਲੋਂ ਢਾਈ ਗੁਣਾ ਅੱਗੇ ਰਹੀ। ਰਿਲਾਇੰਸ ਜਿਓ ਦੀ ਅਗਸਤ ’ਚ 4-ਜੀ ਔਸਤ ਡਾਊਨਲੋਡ ਸਪੀਡ ਜੁਲਾਈ ਦੇ 21 ਐੱਮ. ਬੀ. ਪੀ. ਐੱਸ. ਤੋਂ ਵਧ ਕੇ 21.3 ਮੈਗਾਬਾਈਟ ਪ੍ਰਤੀ ਸੈਕੰਡ (ਐੱਮ. ਬੀ. ਪੀ. ਐੱਸ.) ’ਤੇ ਪਹੁੰਚ ਗਈ।

ਏਅਰਟੈੱਲ ਦੀ ਇਸ ਦੌਰਾਨ 8.8 ਤੋਂ ਘਟ ਕੇ 8.2 ਐੱਮ. ਬੀ. ਪੀ. ਐੱਸ. ਰਹਿ ਗਈ। ਏਅਰਟੈੱਲ ਦੀ ਸਪੀਡ ਅਪ੍ਰੈਲ ਤੋਂ ਲਗਾਤਾਰ 5ਵੇਂ ਮਹੀਨੇ ਘਟੀ। ਅਪ੍ਰੈਲ ’ਚ ਇਹ 9.5 ਐੱਮ. ਬੀ. ਪੀ. ਐੱਸ. ਸੀ ਜੋ ਮਈ ’ਚ 9.3 ਅਤੇ ਜੂਨ ’ਚ ਡਿੱਗ ਕੇ 9.2 ਐੱਮ. ਬੀ. ਪੀ. ਐੱਸ. ਰਹਿ ਗਈ ਸੀ। ਵੋਡਾਫੋਨ ਅਤੇ ਆਈਡੀਆ ਦਾ ਹਾਲਾਂਕਿ ਰਲੇਵਾਂ ਹੋ ਚੁੱਕਾ ਹੈ ਪਰ ਟਰਾਈ ਦੋਵਾਂ ਦੇ ਅੰਕੜਿਆਂ ਨੂੰ ਵੱਖ-ਵੱਖ ਜਾਰੀ ਕਰਦਾ ਹੈ। ਆਈਡੀਆ ਦੀ ਅਗਸਤ ’ਚ 4-ਜੀ ਔਸਤ ਡਾਊਨਲੋਡ ਸਪੀਡ ਜੁਲਾਈ ’ਚ 6.6 ਤੋਂ ਘਟ ਕੇ 6.1 ਐੱਮ. ਬੀ. ਪੀ. ਐੱਸ. ਰਹਿ ਗਈ, ਜਦੋਂ ਕਿ ਵੋਡਾਫੋਨ ਦੀ 7.7 ’ਤੇ ਸਥਿਰ ਰਹੀ।

4-ਜੀ ਔਸਤ ਅਪਲੋਡ ਸਪੀਡ ਦੇ ਮਾਮਲੇ ’ਚ ਵੋਡਾਫੋਨ 5.5 ਐੱਮ. ਬੀ. ਪੀ. ਐੱਸ. ਦੇ ਨਾਲ ਅੱਗੇ ਰਹੀ ਪਰ ਜੁਲਾਈ ਦੇ 5.8 ਐੱਮ. ਬੀ. ਪੀ. ਐੱਸ. ਨਾਲੋਂ ਘੱਟ ਰਹੀ। ਆਈਡੀਆ ਦੀ 4-ਜੀ ਔਸਤ ਅਪਲੋਡ ਸਪੀਡ ਅਗਸਤ ’ਚ 5.1 ਤਾਂ ਏਅਰਟੈੱਲ ਦੀ 3.1 ਐੱਮ. ਬੀ. ਪੀ. ਐੱਸ. ਰਹੀ। ਇਸ ਸ਼੍ਰੇਣੀ ’ਚ ਵੀ ਰਿਲਾਇੰਸ ਜਿਓ ਨੇ ਸੁਧਾਰ ਕੀਤਾ ਅਤੇ ਉਸ ਦੀ 4-ਜੀ ਔਸਤ ਅਪਲੋਡ ਸਪੀਡ ਜੁਲਾਈ ਦੇ 4.3 ਤੋਂ ਵਧ ਕੇ 4.4 ਐੱਮ. ਬੀ. ਪੀ. ਐੱਸ. ਹੋ ਗਈ। ਟਰਾਈ ਔਸਤ ਸਪੀਡ ਦਾ ਮੁਲਾਂਕਣ ਰੀਅਲ ਟਾਈਮ ਅੰਕੜਿਆਂ ਦੇ ਆਧਾਰ ’ਤੇ ਕਰਦਾ ਹੈ ਜੋ ਉਸ ਦੇ ਮਾਈਸਪੀਡ ਐਪਲੀਕੇਸ਼ਨ ਦੀ ਸਹਾਇਤਾ ਨਾਲ ਇਕੱਠੇ ਕੀਤੇ ਜਾਂਦੇ ਹਨ।