ਰਿਲਾਇੰਸ ਇੰਡਸਟਰੀਜ਼ ਦੀ ਇਕਾਈ ਨੇ ਖਰੀਦੀ ਨਾਓਫਲੋਟਸ ’ਚ 85 ਫ਼ੀਸਦੀ ਹਿੱਸੇਦਾਰੀ

12/12/2019 11:45:27 PM

ਨਵੀਂ ਦਿੱਲੀ (ਭਾਸ਼ਾ)-ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਨੇ ਵੀਰਵਾਰ ਨੂੰ ਕਿਹਾ ਕਿ ਉਸ ਦੀ ਸਹਿਯੋਗੀ ਇਕਾਈ ਆਰ. ਐੱਸ. ਬੀ. ਵੀ. ਐੱਲ. ਨੇ ਨਾਓਫਲੋਟਸ ਟੈਕਨਾਲੋਜੀਜ਼ ’ਚ 85 ਫ਼ੀਸਦੀ ਹਿੱਸੇਦਾਰੀ ਅਕਵਾਇਰ ਕੀਤੀ ਹੈ। ਇਹ ਸੌਦਾ 141.63 ਕਰੋਡ਼ ਰੁਪਏ ਦਾ ਹੈ। ਇਸ ਹਿੱਸੇਦਾਰੀ ਖਰੀਦ ਦਾ ਮਕਸਦ ਸਮੂਹ ਦੇ ਡਿਜੀਟਲ ਤੇ ਨਵੀਂ ਵਪਾਰਕ ਪਹਿਲ ਨੂੰ ਮਜ਼ਬੂਤ ਕਰਨਾ ਹੈ। ਰਿਲਾਇੰਸ ਇੰਡਸਟਰੀਜ਼ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ, ‘‘ਆਰ. ਆਈ. ਐੱਲ. ਦੀ ਪੂਰਨ ਇਕਾਈ ਰਿਲਾਇੰਸ ਸਟ੍ਰੈਟੇਜਿਕ ਬਿਜ਼ਨੈੱਸ ਵੈਂਚਰਸ ਲਿਮਟਿਡ (ਆਰ. ਐੱਸ. ਬੀ. ਵੀ. ਐੱਲ.) ਨੇ 141,63,78,822 ਰੁਪਏ ’ਚ ਨਾਓਫਲੋਟਸ ਟੈਕਨਾਲੋਜੀਜ਼ ’ਚ 85 ਫ਼ੀਸਦੀ ਹਿੱਸੇਦਾਰੀ ਦੀ ਅਕਵਾਇਰਮੈਂਟ ਕੀਤੀ ਹੈ। ਆਰ. ਐੱਸ. ਬੀ. ਵੀ. ਐੱਲ. ਨੇ ਕੰਪਨੀ ’ਚ 75 ਕਰੋਡ਼ ਰੁਪਏ ਤੱਕ ਦਾ ਹੋਰ ਨਿਵੇਸ਼ ਦਾ ਪ੍ਰਸਤਾਵ ਕੀਤਾ ਹੈ। ਇਹ ਉਸ ਟੀਚੇ ਦੇ ਪੂਰਾ ਕਰਨ ’ਤੇ ਨਿਰਭਰ ਕਰੇਗਾ, ਜਿਸ ’ਤੇ ਸਹਿਮਤੀ ਪ੍ਰਗਟਾਈ ਗਈ ਹੈ। ਇਸ ਦੇ ਦਸੰਬਰ 2020 ਤੱਕ ਪੂਰਾ ਹੋਣ ਦੀ ਉਮੀਦ ਹੈ। ਵਾਧੂ ਨਿਵੇਸ਼ ਦੇ ਨਾਲ ਆਰ. ਐੱਸ. ਬੀ. ਵੀ. ਐੱਲ. ਦੀ ਨਾਓਫਲੋਟਸ ’ਚ ਹਿੱਸੇਦਾਰੀ ਵਧ ਕੇ 89.66 ਫ਼ੀਸਦੀ ਹੋ ਜਾਵੇਗੀ। ਨਾਓਫਲੋਟਸ ਕੰਪਨੀ ਮਈ 2012 ’ਚ ਬਣੀ ਸੀ। ਇਹ ਛੋਟੇ ਅਤੇ ਮੱਧ ਆਕਾਰੀ ਅਦਾਰਿਆਂ ਨੂੰ ਸਾਫਟਵੇਅਰ ਸਲਿਊਸ਼ਨਜ਼ ਉਪਲੱਬਧ ਕਰਵਾਉਂਦੀ ਹੈ। ਇਸ ਨਾਲ ਕੰਪਨੀਆਂ ਦੀ ਡਿਜੀਟਲ ਰੂਪ ਨਾਲ ਹਾਜ਼ਰੀ ਵਧਦੀ ਹੈ। ਕੰਪਨੀ ਦਾ 2018-19 ’ਚ ਕਾਰੋਬਾਰ 32.56 ਕਰੋਡ਼ ਰੁਪਏ ਸੀ।

Karan Kumar

This news is Content Editor Karan Kumar