ਰਿਲਾਇੰਸ ਦੁਨੀਆ ਦੀ 100 ਰਿਟੇਲ ਕੰਪਨੀਆਂ 'ਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਕੰਪਨੀ

01/23/2019 4:35:46 PM

ਨਵੀਂ ਦਿੱਲੀ — ਮੁਕੇਸ਼ ਅੰਬਾਨੀ ਦੀ ਰਿਲਾਇੰਸ ਰਿਟੇਲ 95ਵੇਂ ਸਥਾਨ ਤੋਂ ਛਲਾਂਗ ਲਗਾ ਕੇ ਵਿਸ਼ਵ ਦੀ ਸਿਖਰ 250 ਰਿਟੇਲ ਫਰਮਾਂ 'ਚ 94ਵੇਂ ਸਥਾਨ 'ਤੇ ਪਹੁੰਚ ਗਈ ਹੈ। ਇਸ ਸੂਚੀ 'ਚ ਥਾਂ ਬਣਾਉਣ ਵਾਲੀ ਭਾਰਤ ਦੀ ਇਹ ਪਹਿਲੀ ਕੰਪਨੀ ਹੈ। ਡੇਲਾਇਟ ਨੇ ਮੰਗਲਵਾਰ ਨੂੰ 'ਗਲੋਬਲ ਪਾਵਰ ਆਫ ਰਿਟੇਲਿੰਗ 2019' ਦੀ ਸਾਲਾਨਾ ਸੂਚੀ ਜਾਰੀ ਕੀਤੀ ਹੈ।

ਗਲੋਬਲ ਪਾਵਰ ਆਫ ਰਿਟੇਲਿੰਗ 'ਚ ਪਿਛਲੇ ਸਾਲ ਮਿਲਿਆ ਸੀ ਸਥਾਨ

ਦੁਨੀਆ ਦੀ ਸਿਖਰ 250 ਰਿਟੇਲ ਫਰਮਾਂ ਦੀ ਡੇਲਾਇਟ ਗਲੋਬਲ ਰਿਟੇਲ ਰੈਕਿੰਗ 'ਚ ਰਿਲਾਇੰਸ ਨੇ ਪਿਛਲੇ ਸਾਲ ਪਹਿਲੀ ਵਾਰ ਥਾਂ ਬਣਾਈ ਸੀ। ਇਸ ਸਾਲ ਦੀ ਰੈਕਿੰਗ ਵਿਚ ਰਿਲਾਇੰਸ ਰਿਟੇਲ ਨੇ ਜ਼ਬਰਦਸਤ ਸੁਧਾਰ ਦਰਜ ਕੀਤਾ ਅਤੇ ਇਸੇ ਕਾਰਨ ਰੈਵੇਨਿਊ ਦੇ ਮਾਮਲੇ ਵਿਚ ਕੰਪਨੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਿਲਾਇੰਸ ਰਿਟੇਲ ਨੇ ਡੇਲਾਇਟ ਦੀ ਟਾਪ ਫਾਸਟੈਸਟ ਗ੍ਰੋਇੰਗ ਰਿਟੇਲ ਕੰਪਨੀਜ਼ ਦੀ ਸੂਚੀ ਵਿਚ ਵੀ 6ਵਾਂ ਸਥਾਨ ਹਾਸਲ ਕੀਤਾ ਹੈ। ਰਿਪੋਰਟ ਦੇ ਮੁਤਾਬਕ ਕੰਪਨੀ ਦਾ 2012 ਤੋਂ 2017 ਵਿਚਕਾਰ ਸਾਲਾਨਾ ਕੰਪਾਊਂਡ ਗ੍ਰੋਥ ਰੇਟ 44.8 ਫੀਸਦੀ ਰਿਹਾ।  17 ਜਨਵਰੀ ਨੂੰ ਐਲਾਨ ਕੀਤੇ ਤੀਜੀ ਤਿਮਾਹੀ ਦੇ ਨਤੀਜਿਆਂ ਮੁਤਾਬਕ 6,400 ਤੋਂ ਜ਼ਿਆਦਾ ਸ਼ਹਿਰਾਂ ਵਿਚ ਰਿਲਾਇੰਸ ਰਿਟੇਲ ਦੇ 9,907 ਸਟੋਰ ਖੁੱਲ੍ਹ ਚੁੱਕੇ ਹਨ, ਜਿਨ੍ਹਾਂ ਦਾ ਕੁੱਲ ਖੇਤਰ 20.6 ਮਿਲੀਅਨ ਵਰਗ ਫੁੱਟ ਹੈ।

ਐਮਾਜ਼ੋਨ ਦੀ ਵਧੀ ਗ੍ਰੋਥ                          

ਡੇਲਾਇਟ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਵਧੀਆ ਪ੍ਰਦਰਸ਼ਨ ਦੇ ਅਧਾਰ 'ਤੇ ਐਮਾਜ਼ੋਨ ਨੇ 25.3 ਫੀਸਦੀ ਗ੍ਰੋਥ ਨਾਲ ਦੂਜਾ ਸਥਾਨ ਅਤੇ ਰਿਲਾਇੰਸ ਨੇ ਰਿਟੇਲ ਰੈਵੇਨਿਊ ਨੂੰ ਦੁੱਗਣਾ ਕਰਕੇ 95ਵਾਂ ਸਥਾਨ ਹਾਸਲ ਕੀਤਾ ਹੈ। ਡੇਲਾਇਟ ਦੀ ਸੂਚੀ ਵਿਚ ਯੂਰਪ ਦੀਆਂ ਕੰਪਨੀਆਂ ਨੇ ਆਪਣੀ ਥਾਂ ਬਣਾਈ ਹੋਈ ਹੈ। ਡੇਲਾਇਟ ਨੇ ਆਪਣੀ ਸਾਲਾਨਾ ਰਿਪੋਰਟ ਲਈ ਵਿੱਤੀ ਸਾਲ 2017 ਲਈ ਰਿਟੇਲ ਮਾਲੀਆ ਦੇ ਆਧਾਰ 'ਤੇ 250 ਕੰਪਨੀਆਂ ਦੀ ਰੈਕਿੰਗ ਕੀਤੀ ਹੈ। 

ਰਿਲਾਇੰਸ ਰਿਟੇਲ ਭਾਰਤ ਦੀ ਸਭ ਤੋਂ ਵੱਡੀ ਰਿਟੇਲ ਚੇਨ ਹੈ, ਜਿਹੜੀ ਕਿ ਮਾਲੀਆ ਅਤੇ ਸਟੋਰ ਸੰਖਿਆ ਦੇ ਲਿਹਾਜ਼ ਨਾਲ ਪਹਿਲੇ ਸਥਾਨ 'ਤੇ ਹੈ। ਇਹ ਵੱਖ-ਵੱਖ ਰਿਟੇਲ ਬ੍ਰਾਂਡ ਜਿਵੇਂ ਕਿ ਰਿਲਾਇੰਸ ਡਿਜੀਟਲ, ਰਿਲਾਇੰਸ ਸਮਾਰਟ ਅਤੇ ਰਿਲਾਇੰਸ ਟਰੇਡਰਸ ਦੇ ਤਹਿਤ ਕਰਿਆਣਾ, ਇਲੈਕਟ੍ਰਾਨਿਕਸ ਅਤੇ ਪੌਸ਼ਾਕ ਸਮੇਤ ਕਈ ਹੋਰ ਸਮਾਨ ਵੇਚਦੀ ਹੈ। ਕੰਪਨੀ ਨੇ ਪਰਚੂਨ ਬਜ਼ਾਰ ਵਿਚ ਜੀਓ ਦੇ  ਸੇਲਸ ਪਵਾਇੰਟ ਅਤੇ ਰਿਲਾਇੰਸ ਦੇ ਪੈਟਰੋਲ ਪੰਪ ਵੀ ਸ਼ਾਮਲ ਹਨ।